ਨਵੀਂ ਦਿੱਲੀ: ਦਿੱਲੀ ਪੁਲਿਸ ਨੂੰ ਅੱਤਵਾਦੀਆਂ ਖ਼ਿਲਾਫ਼ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ISIS ਦੇ ਬਦਨਾਮ ਅੱਤਵਾਦੀ ਰਿਜ਼ਵਾਨ ਅਬਦੁਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਿਜ਼ਵਾਜ਼ ਰਾਸ਼ਟਰੀ ਜਾਂਚ ਏਜੰਸੀ ਦੇ ਰਡਾਰ ’ਤੇ ਸੀ। ਰਿਜ਼ਵਾਨ ਦਿੱਲੀ ਦੇ ਦਰਿਆਗੰਜ ਦਾ ਰਹਿਣ ਵਾਲਾ ਹੈ। ਰਿਜ਼ਵਾਨ ਅਤੇ ਉਸ ਦੇ ਸਾਥੀਆਂ ਨੇ ਦਿੱਲੀ ਦੇ ਕਈ ਵੀਆਈਪੀ ਖੇਤਰਾਂ ਦੀ ਰੇਕੀ ਕੀਤੀ ਹੈ। ਉਸ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।
ਰਿਜ਼ਵਾਨ ਪੁਣੇ ਆਈਐਸਆਈਐਸ ਮਾਡਿਊਲ ਨਾਲ ਜੁੜਿਆ ਹੋਇਆ ਸੀ। ਰਿਜ਼ਵਾਨ ਦੇ ਸਿਰ ’ਤੇ ISIS ਨਾਲ ਜੁੜੀਆਂ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਹੋਣ ’ਤੇ 3 ਲੱਖ ਰੁਪਏ ਦਾ ਇਨਾਮ ਸੀ।
ਸੂਤਰਾਂ ਨੇ ਦੱਸਿਆ ਕਿ ਰਿਜ਼ਵਾਨ ਨੂੰ ਸ਼ੁੱਕਰਵਾਰ ਤੜਕੇ ਦਿੱਲੀ-ਫਰੀਦਾਬਾਦ ਸਰਹੱਦ ਤੋਂ ਹਥਿਆਰਾਂ ਸਮੇਤ ਫੜਿਆ ਗਿਆ। ਯੂਏਪੀਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਰਿਜ਼ਵਾਨ ਦੇ ਨੈੱਟਵਰਕ ਨੂੰ ਨਸ਼ਟ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਰਿਜ਼ਵਾਨ ਅਤੇ ਦੋ ਹੋਰ ਅੱਤਵਾਦੀ ਮੋਸਟ ਵਾਂਟੇਡ ਸੂਚੀ ਵਿੱਚ ਸਨ। ਇਨ੍ਹਾਂ ’ਚੋਂ ਇੱਕ ਸ਼ਾਹਨਵਾਜ਼ ਨੂੰ ਪਿਛਲੇ ਸਾਲ ਸਤੰਬਰ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਅਬਦੁੱਲਾ ਉਰਫ ਡਾਇਪਰਵਾਲਾ ਅਜੇ ਵੀ ਫਰਾਰ ਹੈ।