‘ਦ ਖ਼ਾਲਸ ਬਿਊਰੋ : ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 5 ਮਹੀਨੇ ਪੂਰੇ ਹੋ ਗਏ ਹਨ। ਸਰਕਾਰ ਦੇ ਪੰਜ ਮਹੀਨੇ ਪੂਰੇ ਹੋਣ ਉੱਪਰ ਸਰਕਾਰ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ। ਭਗਵੰਤ ਮਾਨ ਸਰਕਾਰ ਦੇ 5 ਮੰਤਰੀਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਲੇਖਾ-ਜੋਖਾ ਲੋਕਾਂ ਸਾਹਮਣੇ ਰੱਖਿਆ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਨੇ ਇਸ ਸਬੰਧੀ ਮਾਨ ਸਰਕਾਰ ‘ਤੇ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਜੇ ਵਿੱਤ ਮੰਤਰੀ ਅਤੇ ਹੋਰ ਚਾਰ ਮੰਤਰੀਆਂ ਨੇ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ‘ਤੇ ਪਰਦਾ ਪਾਉਣ ਲਈ ਅਤੇ ਲੋਕਾਂ ਨੂੰ ਪਰਦੇ ਵਿੱਚ ਰੱਖਣ ਲਈ ਗੁੰਨਰਾਹ ਅੰਕੜੇ ਜਾਰੀ ਕੀਤੇ ਹਨ। ਉਨ੍ਹਾਂ ਨੇ ਬਜਟ ਦਸਤਾਵੇਜ਼ ਦੀ ਕਾਪੀ ਦਿਖਾਉਦਿਆਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਮੁਤਾਬਿਕ ਸੂਬੇ ਨੇ ਇੱਕ ਸਾਲ ਦੇ ਵਿੱਚ 36068 ਕਰੋੜ ਰੁਪਏ ਦਾ ਕਰਜ਼ਾ ਅਤੇ ਵਿਆਜ਼ ਇੱਕ ਸਾਲ ਦੇ ਵਿੱਚ ਵਾਪਸ ਕਰਨਾ ਸੀ।
ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੇ ਪੰਜ ਮਹੀਨਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਸਰਕਾਰ ਨੇ 15028 ਕਰੋੜ ਰੁਪਏ ਕਰਨੇ ਸਨ ਪਰ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਅੱਜ ਇਹ ਦੱਸਿਆ ਗਿਆ ਕਿ ਹੁਣ ਤੱਕ 12339 ਕਰੋੜ ਰੁਪਏ ਵਾਪਸ ਕੀਤੇ ਹਨ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਪਾਸੇ ਤਾਂ ਪੰਜਾਬ ਦੇ ਕਰਜ਼ੇ ਨੂੰ ਉਤਾਰਨ ਦੀ ਗੱਲ ਕਰਦੀ ਹੈ ਪਰ ਦੂਜੇ ਬੰਨੇ ਪੰਜਾਬ ਸਰਕਾਰ ਵੱਲੋਂ 10739 ਕਰੋੜ ਦਾ ਨਵਾਂ ਕਰਜ਼ਾ ਲੈਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਨਾਂ ਕਰਜ਼ਾ ਮੋੜਨਾ ਸੀ ਉਸ ਤੋਂ ਘੱਟ ਮੋੜਿਆ ਹੈ । ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਜਾ ਕਿੱਥੇ ਰਿਹਾ ਹੈ ਅਤੇ ਕਿੱਥੇ ਫਜ਼ੂਲਖਰਚੀ ਕੀਤੀ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਫਰਜ਼ੀ ਦਸਤਾਵੇਜ਼ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੀ।