The Khalas Tv Blog International ਅਮਰੀਕਾ-ਇਜ਼ਰਾਈਲ ਹਮਲੇ ’ਚ ਇਰਾਨੀ ਸੁਪਰੀਮ ਲੀਡਰ ਅਲੀ ਖ਼ਾਮੇਨੇਈ ਦੀ ਮੌਤ
International

ਅਮਰੀਕਾ-ਇਜ਼ਰਾਈਲ ਹਮਲੇ ’ਚ ਇਰਾਨੀ ਸੁਪਰੀਮ ਲੀਡਰ ਅਲੀ ਖ਼ਾਮੇਨੇਈ ਦੀ ਮੌਤ

ਬਿਊਰੋ ਰਿਪੋਰਟ (1 ਮਾਰਚ, 2026): ਅਮਰੀਕਾ ਤੇ ਇਜ਼ਰਾਈਲ ਵੱਲੋਂ ਕੀਤੇ ਗਏ ਭਿਆਨਕ ਹਵਾਈ ਹਮਲੇ ਵਿੱਚ ਇਰਾਨ ਦੇ ਸਭ ਤੋਂ ਸ਼ਕਤੀਸ਼ਾਲੀ ਆਗੂ ਅਤੇ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਹੋ ਗਈ ਹੈ। ਇਰਾਨ ਦੀਆਂ ਸਰਕਾਰੀ ਨਿਊਜ਼ ਏਜੰਸੀਆਂ ‘ਤਸਨੀਮ’ ਅਤੇ ‘ਫਾਰਸ’ ਨੇ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ। 

ਇਸ ਹਮਲੇ ਵਿੱਚ ਖ਼ਾਮੇਨੇਈ ਦੇ ਪਰਿਵਾਰ ਦੇ ਕਈ ਮੈਂਬਰ, ਜਿਨ੍ਹਾਂ ਵਿੱਚ ਉਨ੍ਹਾਂ ਦੀ ਬੇਟੀ, ਜਵਾਈ, ਨੂੰਹ ਅਤੇ ਪੋਤੀ ਸ਼ਾਮਲ ਹਨ, ਵੀ ਮਾਰੇ ਗਏ ਹਨ। ਇਰਾਨ ਵਿੱਚ 40 ਦਿਨਾਂ ਦੇ ਸਰਕਾਰੀ ਸੋਗ ਅਤੇ 7 ਦਿਨਾਂ ਦੀ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਟਰੂਥ ਸੋਸ਼ਲ’ ’ਤੇ ਪੋਸਟ ਪਾ ਕੇ ਖ਼ਾਮੇਨੇਈ ਦੀ ਮੌਤ ਦਾ ਦਾਅਵਾ ਕਰਦਿਆਂ ਕਿਹਾ ਕਿ ਇਤਿਹਾਸ ਦੇ ਸਭ ਤੋਂ ਬੇਰਹਿਮ ਵਿਅਕਤੀਆਂ ਵਿੱਚੋਂ ਇੱਕ ਦਾ ਅੰਤ ਹੋ ਗਿਆ ਹੈ। ਉਨ੍ਹਾਂ ਇਸ ਨੂੰ ਇਰਾਨੀ ਜਨਤਾ, ਅਮਰੀਕਾ ਅਤੇ ਪੂਰੀ ਦੁਨੀਆ ਲਈ ਇਨਸਾਫ਼ ਕਰਾਰ ਦਿੱਤਾ ਹੈ।

ਈਰਾਨੀ ਸੈਨਾ ਵੱਲੋਂ ਬਦਲੇ ਦੀ ਤਿਆਰੀ

ਖ਼ਾਮੇਨੇਈ ਦੀ ਮੌਤ ਤੋਂ ਬਾਅਦ ਇਰਾਨੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਰਾਨੀ ਸੈਨਾ ਨੇ ਐਲਾਨ ਕੀਤਾ ਹੈ ਕਿ ਉਹ ਕੁਝ ਹੀ ਦੇਰ ਵਿੱਚ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਜੰਗੀ ਅਭਿਆਨ ਸ਼ੁਰੂ ਕਰਨ ਜਾ ਰਹੇ ਹਨ। ਉਨ੍ਹਾਂ ਦਾ ਨਿਸ਼ਾਨਾ ਇਜ਼ਰਾਈਲ ਦੇ ਕਬਜ਼ੇ ਵਾਲੇ ਖੇਤਰ ਤੇ ਅਮਰੀਕੀ ਫ਼ੌਜੀ ਟਿਕਾਣੇ ਹੋਣਗੇ। ਇਰਾਨ ਨੇ ਇਸ ਨੂੰ ਅਮਰੀਕੀ ‘ਅੱਤਵਾਦੀ’ ਹਮਲੇ ਦਾ ਮੂੰਹ-ਤੋੜ ਜਵਾਬ ਦੇਣ ਦੀ ਸਹੁੰ ਖਾਧੀ ਹੈ।

Exit mobile version