ਬਿਊਰੋ ਰਿਪੋਰਟ (13 ਅਪ੍ਰੈਲ, 2026): ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਖਿੱਚੋਤਾਣ ਹੁਣ ਖ਼ਤਰਨਾਕ ਮੋੜ ’ਤੇ ਪਹੁੰਚ ਗਈ ਹੈ। ਇਰਾਨ ਨੇ ਅਮਰੀਕਾ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਦੀਆਂ ਬੰਦਰਗਾਹਾਂ ਨੂੰ ਨਿਸ਼ਾਨਾ ਬਣਾਇਆ ਗਿਆ, ਤਾਂ ਫਾਰਸ ਦੀ ਖਾੜੀ ਜਾਂ ਓਮਾਨ ਸਾਗਰ ਵਿੱਚ ਕਿਸੇ ਵੀ ਦੇਸ਼ ਦੀ ਬੰਦਰਗਾਹ ਸੁਰੱਖਿਅਤ ਨਹੀਂ ਰਹੇਗੀ। ਇਰਾਨ ਦੀ ਫੌਜ ਅਤੇ ਰੈਵੋਲਿਊਸ਼ਨਰੀ ਗਾਰਡਜ਼ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਸਮੁੰਦਰੀ ਸੁਰੱਖਿਆ ਸਾਰਿਆਂ ਲਈ ਨਹੀਂ ਹੈ, ਤਾਂ ਇਹ ਕਿਸੇ ਲਈ ਵੀ ਨਹੀਂ ਹੋਵੇਗੀ।
ਅਮਰੀਕਾ ਵੱਲੋਂ ਨਾਕਾਬੰਦੀ ਦੀ ਤਿਆਰੀ
ਦੂਜੇ ਪਾਸੇ, ਯੂਐਸ ਸੈਂਟਰਲ ਕਮਾਂਡ (CENTCOM) ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਅਮਰੀਕਾ ਸੋਮਵਾਰ ਤੋਂ ਇਰਾਨ ਦੀਆਂ ਬੰਦਰਗਾਹਾਂ ਅਤੇ ਤੱਟਵਰਤੀ ਖੇਤਰਾਂ ’ਤੇ ਸਖ਼ਤ ਨਾਕਾਬੰਦੀ ਲਗਾਉਣ ਜਾ ਰਿਹਾ ਹੈ। ਇਸ ਨਾਕਾਬੰਦੀ ਤਹਿਤ ਇਰਾਨ ਜਾਣ ਵਾਲੇ ਜਾਂ ਉੱਥੋਂ ਆਉਣ ਵਾਲੇ ਹਰ ਦੇਸ਼ ਦੇ ਜਹਾਜ਼ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ।
ਹੋਰਮੁਜ਼ ਜਲਡਮਰੂ ’ਤੇ ਪ੍ਰਭਾਵ
ਅਮਰੀਕਾ ਨੇ ਸਾਫ਼ ਕੀਤਾ ਹੈ ਕਿ ਹੋਰਮੁਜ਼ ਜਲਡਮਰੂ (Strait of Hormuz) ਤੋਂ ਲੰਘਣ ਵਾਲੇ ਉਹ ਜਹਾਜ਼, ਜੋ ਇਰਾਨ ਤੋਂ ਇਲਾਵਾ ਹੋਰ ਦੇਸ਼ਾਂ ਦੇ ਵਪਾਰਕ ਕੰਮਾਂ ਲਈ ਜਾ ਰਹੇ ਹਨ, ਉਨ੍ਹਾਂ ਨੂੰ ਲੰਘਣ ਦੀ ਇਜਾਜ਼ਤ ਹੋਵੇਗੀ। ਪਰ ਇਰਾਨ ਨੇ ਇਸ ਨਾਕਾਬੰਦੀ ਨੂੰ ਆਪਣੇ ਵਿਰੁੱਧ ਜੰਗੀ ਕਾਰਵਾਈ ਦੱਸਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਤੇਲ ਦੀ ਸਪਲਾਈ ਅਤੇ ਵਿਸ਼ਵ ਵਪਾਰ ’ਤੇ ਗੰਭੀਰ ਅਸਰ ਪੈ ਸਕਦਾ ਹੈ।

