The Khalas Tv Blog International ‘ਤਹਿਰਾਨ ਦੇ ਕਸਾਈ’ਰਾਸ਼ਟਰਪਤੀ ਦੀ ਮੌਤ! 5 ਹਜ਼ਾਰ ਸਿਆਸੀ ਕੈਦੀਆਂ ਨੂੰ ਮਾਰਿਆ! 15 ਘੰਟੇ ਬਾਅਦ ਮਿਲੀ ਲਾਸ਼
International

‘ਤਹਿਰਾਨ ਦੇ ਕਸਾਈ’ਰਾਸ਼ਟਰਪਤੀ ਦੀ ਮੌਤ! 5 ਹਜ਼ਾਰ ਸਿਆਸੀ ਕੈਦੀਆਂ ਨੂੰ ਮਾਰਿਆ! 15 ਘੰਟੇ ਬਾਅਦ ਮਿਲੀ ਲਾਸ਼

ਈਰਾਨ ਦੇ 8ਵੇਂ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਐਤਵਾਰ ਸ਼ਾਮ ਨੂੰ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਹੈ। 15 ਘੰਟੇ ਬਾਅਦ ਉਨ੍ਹਾਂ ਦੀ ਲਾਸ਼ ਮਿਲੀ ਹੈ। ਉਨ੍ਹਾਂ ਦੇ ਨਾਲ ਵਿਦੇਸ਼ ਮੰਤਰੀ ਸਮੇਤ 9 ਹੋਰ ਲੋਕ ਸਵਾਰ ਸਨ ਸਭ ਮਾਰੇ ਗਏ। 1979 ਦੀ ਇਸਲਾਮੀਕ ਕ੍ਰਾਂਤੀ ਦੇ ਸਮਰਥਕ ਤੇ ਵਕੀਲ ਵਜੋਂ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਰਾਇਸੀ ਇਸਲਾਮੀ ਸ਼ਾਸਨ ਨੂੰ ਅੱਗੇ ਵਧਾਉਂਦੇ ਹੋਏ ਰਾਸ਼ਟਰਪਤੀ ਦੇ ਅਹੁਦੇ ਤੱਕ ਕਿਵੇਂ ਪਹੁੰਚੇ? ਇਸ ਬਾਰੇ ਵਿਸਥਾਰ ਨਾਲ ਜਾਣਾਂਗੇ।

ਈਰਾਨ ਵਿੱਚ 5 ਹਜ਼ਾਰ ਸਿਆਸੀ ਕੈਦੀਆਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਇਸਲਾਮਿਕ ਗਣਰਾਜ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਪਰਾਧ ਹੈ। ਸਾਲ 1988 ਵਿੱਚ ਈਰਾਨ ਦੇ ਤਤਕਾਲੀ ਡਿਪਟੀ ਸੁਪਰੀਮ ਲੀਡਰ ਅਯਾਤੁੱਲਾ ਹੁਸੈਨ ਅਲੀ ਮੁੰਤਜ਼ਾਰੀ ਨੇ ਇਹ ਗੱਲ ਕਹੀ ਸੀ। ਈਰਾਨ ਦੀ ‘ਦੈਥ ਕਮੇਟੀ’ ਨੇ ਇਹ ਫੈਸਲਾ 1988 ਵਿੱਚ ਹੀ ਦਿੱਤਾ ਸੀ ਅਤੇ ਤਤਕਾਲੀ ਡਿਪਟੀ ਪ੍ਰੌਸੀਕਿਊਟਰ ਜਨਰਲ ਇਬਰਾਹਿਮ ਰਾਇਸੀ ਇਸ ਕਮੇਟੀ ਦੇ ਮੈਂਬਰ ਸਨ।

ਇਸ 28 ਸਾਲ ਪੁਰਾਣੇ ਫੈਸਲੇ ਨਾਲ ਜੁੜੀ ਇੱਕ ਆਡੀਓ 2016 ਵਿੱਚ ਲੀਕ ਹੋਈ ਸੀ। ਆਡੀਓ ਰਿਕਾਰਡਿੰਗ ‘ਚ ਮੁੰਤਜ਼ਾਰੀ ਇਰਾਨ ਦੀ ‘ਦੈਥ ਕਮੇਟੀ’ ਨਾਲ ਜੁੜੇ ਮੈਂਬਰਾਂ ‘ਤੇ ਰੌਲਾ ਪਾ ਰਹੇ ਸਨ। ਉਹ ਇਸ ਫੈਸਲੇ ਤੋਂ ਖੁਸ਼ ਨਹੀਂ ਸਨ।

ਦੱਸਿਆ ਜਾਂਦਾ ਹੈ ਕਿ ਮੁੰਤਜ਼ਾਰੀ ਦੇ ਪਰਿਵਾਰਿਕ ਮੈਂਬਰਾਂ ਨੇ ਹੀ ਇਹ ਟੇਪ ਲੀਕ ਕੀਤੀ ਸੀ। ਆਡੀਓ ਲੀਕ ਹੋਣ ਦੇ 5 ਸਾਲਾਂ ਦੇ ਅੰਦਰ ਹੀ ਰਾਇਸੀ ਪਹਿਲਾਂ ਈਰਾਨ ਦੇ ਚੀਫ਼ ਜਸਟਿਸ ਅਤੇ ਫਿਰ ਦੇਸ਼ ਦੇ ਰਾਸ਼ਟਰਪਤੀ ਬਣੇ ਗਏ।

ਖਾਮੇਨੇਈ ਦੇ ਸੁਪਰੀਮ ਲੀਡਰ ਬਣਨ ਤੋਂ ਬਾਅਦ ਰਾਇਸੀ ਦਾ ਪ੍ਰਭਾਵ ਵਧਿਆ

ਈਰਾਨ ਵਿੱਚ ਸਿਆਸੀ ਕੈਦੀਆਂ ਨੂੰ ਸਜ਼ਾ ਸੁਣਾਏ ਜਾਣ ਦੇ ਇੱਕ ਸਾਲ ਬਾਅਦ ਈਰਾਨ ਦੇ ਤਤਕਾਲੀ ਸੁਪਰੀਮ ਲੀਡਰ ਅਯਾਤੁੱਲਾ ਖੁਮੈਨੀ ਦੀ ਮੌਤ ਹੋ ਗਈ ਸੀ, ਪਰ ਹੈਰਾਨੀ ਦੀ ਗੱਲ ਇਹ ਸੀ ਕਿ ਡਿਪਟੀ ਸੁਪਰੀਮ ਲੀਡਰ ਮੁੰਤਜ਼ਾਰੀ ਦੀ ਥਾਂ ਈਰਾਨ ਦੇ ਸੁਪਰੀਮ ਲੀਡਰ ਦੀ ਕਮਾਨ ਅਯਾਤੁੱਲਾ ਅਲੀ ਖਾਮੇਨੇਈ ਨੂੰ ਸੌਂਪ ਦਿੱਤੀ ਗਈ ਸੀ। ਕਿਹਾ ਜਾਂਦਾ ਹੈ ਕਿ ਖਾਮੇਨੇਈ ਦੇ ਈਰਾਨ ਦੇ ਸਰਵਉੱਚ ਧਾਰਮਿਕ ਨੇਤਾ ਬਣਨ ਦਾ ਜੇਕਰ ਕਿਸੇ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਹੈ, ਤਾਂ ਉਹ ਇਬਰਾਹਿਮ ਰਾਇਸੀ ਸੀ। ਉਨ੍ਹਾਂ ਦੀ ਰਹਿਨੁਮਾਈ ਹੇਠ ਇਬਰਾਹਿਮ ਰਾਇਸੀ ਤੇਜ਼ੀ ਨਾਲ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਗਏ।

ਸਾਲ 2021 ਵਿੱਚ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ 1988 ਦੀ ਸਮੂਹਿਕ ਮੌਤ ਦੀ ਸਜ਼ਾ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਜੇਕਰ ਕਿਸੇ ਜੱਜ ਜਾਂ ਵਕੀਲ ਨੇ ਦੇਸ਼ ਦੀ ਰੱਖਿਆ ਕੀਤੀ ਹੈ, ਤਾਂ ਉਸ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ। “ਮੈਂ ਈਰਾਨ ਵਿੱਚ ਹਰ ਅਹੁਦੇ ‘ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਹੈ।”

ਇਬਰਾਹਿਮ ਰਾਇਸੀ ਈਰਾਨ ਦੇ ਪਹਿਲੇ ਰਾਸ਼ਟਰਪਤੀ ਸਨ, ਜਿਨ੍ਹਾਂ ‘ਤੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਅਮਰੀਕਾ ਨੇ ਪਾਬੰਦੀਆਂ ਲਗਾ ਦਿੱਤੀਆਂ ਸਨ। ਅਮਰੀਕਾ ਨੇ ਇਹ ਫੈਸਲਾ 5 ਹਜ਼ਾਰ ਤੋਂ ਵੱਧ ਸਿਆਸੀ ਕੈਦੀਆਂ ਨੂੰ ਸਮੂਹਿਕ ਮੌਤ ਦੀ ਸਜ਼ਾ ਦੇਣ ਦੇ ਮੁੱਦੇ ‘ਤੇ ਹੀ ਲਿਆ ਸੀ। ਇਸ ਘਟਨਾ ਤੋਂ ਬਾਅਦ ਰਾਇਸੀ ਨੂੰ ‘ਤਹਿਰਾਨ ਦਾ ਕਸਾਈ’ ਵੀ ਕਿਹਾ ਗਿਆ।

ਦਰਅਸਲ, ਇਹ ਸਿਆਸੀ ਕੈਦੀ ਮੁਜਾਹਿਦੀਨ-ਏ-ਖਲਕ ਨਾਲ ਸਬੰਧਤ ਸਨ। ਹਥਿਆਰਬੰਦ ਸੈਨਿਕਾਂ ਦੀ ਇਹ ਜਥੇਬੰਦੀ ਖੱਬੇਪੱਖੀ ਵਿਚਾਰਾਂ ਵਾਲੀ ਸੀ। ਉਹ ਈਰਾਨ ਦੀ ਰਾਜਨੀਤੀ ਨੂੰ ਇਸਲਾਮ ਦੇ ਆਧਾਰ ‘ਤੇ ਚਲਾਉਣ ਦੇ ਵਿਰੁੱਧ ਸੀ।

 

ਰਾਇਸੀ ਨੂੰ ਸੁਪਰੀਮ ਲੀਡਰ ਖਾਮੇਨੇਈ ਦਾ ਉੱਤਰਾਧਿਕਾਰੀ ਕਿਹਾ ਜਾਂਦਾ ਸੀ

63 ਸਾਲਾ ਰਾਇਸੀ ਨੂੰ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇਈ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਸੀ। ਰਾਇਸੀ ਇੱਕ ਕੱਟੜਪੰਥੀ ਤੇ ਧਾਰਮਿਕ ਤੌਰ ‘ਤੇ ਰੂੜੀਵਾਦੀ ਨੇਤਾ ਸਨ। ਈਰਾਨ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਕਈ ਨਿਆਂਇਕ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਪਹਿਲੀ ਵਾਰ 2017 ਵਿੱਚ ਰਾਸ਼ਟਰਪਤੀ ਦੀ ਚੋਣ ਲੜੀ ਸੀ।

ਇਸ ਚੋਣ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਵਿਰੁੱਧ ਲੜਨ ਵਾਲੇ ਯੋਧੇ ਵਜੋਂ ਪੇਸ਼ ਕੀਤਾ, ਪਰ ਉਹ ਉਦਾਰਵਾਦੀ ਮੰਨੇ ਜਾਂਦੇ ਹਸਨ ਰੂਹਾਨੀ ਤੋਂ ਚੋਣ ਹਾਰ ਗਏ। ਰੂਹਾਨੀ ਨੂੰ ਲਗਾਤਾਰ ਦੂਜੀ ਵਾਰ ਜਿੱਤ ਮਿਲੀ। ਹਸਨ ਰੂਹਾਨੀ ਨੂੰ 57 ਫੀਸਦੀ ਵੋਟਾਂ ਮਿਲੀਆਂ, ਜਦਕਿ ਰਾਇਸੀ 38 ਫੀਸਦੀ ਵੋਟਾਂ ਨਾਲ ਦੂਜੇ ਨੰਬਰ ‘ਤੇ ਰਹੇ। ਹਾਲਾਂਕਿ ਇਸ ਹਾਰ ਤੋਂ ਬਾਅਦ ਵੀ ਰਾਇਸੀ ਦੇ ਅਕਸ ‘ਤੇ ਕੋਈ ਖਾਸ ਅਸਰ ਨਹੀਂ ਪਿਆ।

2019 ਵਿੱਚ ਅਯਾਤੁੱਲਾ ਖਾਮੇਨੇਈ ਨੇ ਉਨ੍ਹਾਂ ਨੂੰ ਇੱਕ ਹੋਰ ਵੱਡੀ ਜ਼ਿੰਮੇਵਾਰੀ ਦਿੱਤੀ ਅਤੇ ਉਨ੍ਹਾਂ ਨੂੰ ਈਰਾਨ ਦਾ ਚੀਫ਼ ਜਸਟਿਸ ਬਣਾਇਆ। ਉਹ ਦੋ ਸਾਲ ਇਸ ਅਹੁਦੇ ‘ਤੇ ਰਹੇ। ਇਸ ਤੋਂ ਬਾਅਦ ਰਾਇਸੀ ਨੇ ਇੱਕ ਵਾਰ ਫਿਰ 2021 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਈ।

ਇਸ ਚੋਣ ਵਿੱਚ ਉਨ੍ਹਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ 62 ਫੀਸਦੀ ਵੋਟਾਂ ਮਿਲੀਆਂ। ਰੂਹਾਨੀ ਦੇ ਨਿਯੁਕਤ ਉਮੀਦਵਾਰ ਅਬਦੋਲਨਾਸਰ ਹਿੰਮਤੀ ਨੂੰ ਸਿਰਫ 8.4 ਫੀਸਦੀ ਵੋਟਾਂ ਮਿਲੀਆਂ। ਕਿਹਾ ਜਾਂਦਾ ਹੈ ਕਿ ਇਸ ਚੋਣ ਵਿੱਚ ਰਾਇਸੀ ਨੂੰ ਖਾਮੇਨੇਈ ਦੇ ਕਰੀਬੀ ਹੋਣ ਦਾ ਫਾਇਦਾ ਮਿਲਿਆ ਸੀ।

ਚੋਣਾਂ ਤੋਂ ਤੁਰੰਤ ਬਾਅਦ ਅੰਤਰਰਾਸ਼ਟਰੀ ਮੀਡੀਆ ਦੀਆਂ ਕਈ ਰਿਪੋਰਟਾਂ ਵਿੱਚ ਈਰਾਨ ਦੀਆਂ ਚੋਣਾਂ ਵਿੱਚ ਧਾਂਦਲੀ ਦੇ ਦਾਅਵੇ ਕੀਤੇ ਗਏ। ਚੋਣਾਂ ਤੋਂ ਪਹਿਲਾਂ ਈਰਾਨ ਦੀ ਗਾਰਡੀਅਨ ਕੌਂਸਲ ਨੇ ਕਈ ਵਿਰੋਧੀ ਅਤੇ ਉਦਾਰਵਾਦੀ ਨੇਤਾਵਾਂ ਦੇ ਚੋਣ ਲੜਨ ‘ਤੇ ਪਾਬੰਦੀ ਲਗਾ ਦਿੱਤੀ ਸੀ।

 

ਇਹ ਵੀ ਪੜ੍ਹੋ –  ED ਵੱਲੋਂ ‘AAP’ ਦੀ ਵਿਦੇਸ਼ ਫੰਡਿਗ ‘ਤੇ ਵੱਡਾ ਖੁਲਾਸਾ, ਖਹਿਰਾ ਦਾ ਨਾਂ ਵੀ ਸਾਹਮਣੇ ਆਇਆ!

 

Exit mobile version