ਬਿਉਰੋ ਰਿਪੋਰਟ: ਅੰਮ੍ਰਿਤਸਰ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੀ ਗ਼ਲਤੀ ਲਈ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਇਕ ਪੱਤਰ ਭੇਜਿਆ ਹੈ, ਜਿਸ ਵਿਚ ਉਨ੍ਹਾਂ ਨੇ ਬਿਨਾਂ ਕੋਈ ਦਲੀਲ ਦਿੱਤੇ ਆਪਣੀ ਗ਼ਲਤੀ ਮੰਨੀ ਹੈ।
ਦਰਅਸਲ ਇਕਬਾਲ ਸਿੰਘ ਲਾਲਪੁਰਾ ਨੇ ਦਿੱਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਭਗਵਾਨ ਵਿਸ਼ਨੂੰ ਦੇ ਅਵਤਾਰ ਹਨ। ਜਿਸ ਤੋਂ ਬਾਅਦ ਐਸਜੀਪੀਸੀ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਅਤੇ ਉਨ੍ਹਾਂ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ।
ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਇਹ ਬਿਆਨ ਆਰਐਸਐਸ ਅਤੇ ਭਾਜਪਾ ਵੱਲੋਂ ਉਨ੍ਹਾਂ ਨੂੰ ਖੁਸ਼ ਕਰਨ ਦੀ ਸ਼ਰਾਰਤੀ ਕਾਰਵਾਈ ਹੈ। ਉਨ੍ਹਾਂ ਇਸ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਜਦੋਂ ਕਿ ਲਾਲਪੁਰਾ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਪੱਤਰ ਭੇਜ ਕੇ ਮੰਗੀ ਮੁਆਫ਼ੀ
ਲਾਲਪੁਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਭੇਜ ਕੇ ਮੁਆਫ਼ੀ ਮੰਗੀ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ 8 ਸਤੰਬਰ 2024 ਨੂੰ ਦਿੱਲੀ ਦੇ ਦਿਆਲ ਕਾਲਜ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੂੰ ਕਹਿਣ ਦਾ ਇਲਜ਼ਾਮ ਲਗਾਇਆ ਗਿਆ ਸੀ। ਜਿਸ ’ਤੇ ਉਹ ਬਿਨਾਂ ਕਿਸੇ ਦਲੀਲ ਜਾਂ ਸਪੱਸ਼ਟੀਕਰਨ ਦੇ ਮੁਆਫੀ ਮੰਗਦੇ ਹਨ।
ਉਨ੍ਹਾਂ ਅੱਗੇ ਲਿਖਿਆ ਕਿ ਮੈਂ ਕਿਸੇ ਵੀ ਦਲੀਲ ਵਿੱਚ ਫਸੇ ਬਿਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾ ਦੇ ਸਤਿਕਾਰ ਨੂੰ ਪੂਰੀ ਤਰ੍ਹਾਂ ਸਮਰਪਿਤ ਹਾਂ। ਉਹ ਨਾ ਸਿਰਫ਼ ਇਸ ਗ਼ਲਤੀ ਲਈ ਸਗੋਂ ਇਸ ਦੁਨੀਆਂ ਵਿਚ ਰਹਿੰਦਿਆਂ ਹੋਈ ਹਰ ਗ਼ਲਤੀ ਲਈ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋਂ ਅੱਗੇ ਕੋਈ ਵੀ ਗ਼ਲਤੀ ਨਾ ਹੋਵੇ, ਇਸ ਦੇ ਲਈ ਉਹ ਅਰਦਾਸ ਕਰਨ ਲਈ ਬੇਨਤੀ ਕਰਦੇ ਹਨ।