‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ) : – ਵਿਸਾਖੀ ਦੇ ਤਿਉਹਾਰ ਦੀ ਅਹਿਮੀਅਤ ਨੂੰ ਮਾਨਤਾ ਦੇਣ ਅਤੇ ਇਸ ਨੂੰ ਮਨਾਉਣ ਵਾਲਿਆਂ ਲਈ ਪ੍ਰਤੀਨਿਧ ਸਭਾ ਵਿਚ ਅਮਰੀਕਾ ਦੇ ਇਕ ਸੰਸਦ ਮੈਂਬਰ ਨੇ ਪ੍ਰਸਤਾਵ ਪੇਸ਼ ਕੀਤਾ। ਜਾਣਕਾਰੀ ਅਨੁਸਾਰ ਸੰਸਦ ਮੈਂਬਰ ਜੌਹਨ ਗਾਰਾਮੈਂਡੀ ਨੇ ਸਦਨ ਵਿਚ ਵਿਸਾਖੀ ਪ੍ਰਸਤਾਵ ਨੂੰ ਮੁੜ ਤੋਂ ਪੇਸ਼ ਕਰਦਿਆਂ ਕਿਹਾ ਕਿ ਇਹ ਪ੍ਰਸਤਾਵ ਵਿਸਾਖੀ ਦੇ ਤਿਉਹਾਰ ਦੀ ਇਤਿਹਾਸਕ, ਸਭਿਆਚਾਰਕ ਅਤੇ ਧਾਰਮਿਕ ਮਹੱਤਤਾ ਨੂੰ ਮੰਨਦਾ ਹੈ । ਉਨ੍ਹਾਂ ਕਿਹਾ ਕਿ ਵਿਸਾਖੀ ਸਿੱਖਾਂ, ਹਿੰਦੂਆਂ ਅਤੇ ਬੁੱਧ ਧਰਮ ਦੇ ਲੋਕਾਂ ਲਈ ਬਸੰਤ ਦੇ ਮੌਸਮ ਦੀ ਫ਼ਸਲ ਕੱਟਣ ਦਾ ਤਿਉਹਾਰ ਹੈ। ਇਹ ਸਿੱਖਾਂ ਦਾ ਨਵਾਂ ਸਾਲ ਵੀ ਹੈ ਅਤੇ 1699 ਵਿਚ ਗੁਰੂ ਗੋਬਿੰਦ ਸਿੰਘ ਵੱਲੋਂ ‘ਖਾਲਸਾ ਪੰਥ’ ਦੀ ਸਥਾਪਨਾ ਕੀਤੇ ਜਾਣ ਦੀ ਯਾਦ ਨੂੰ ਤਾਜ਼ਾ ਕਰਨ ਲਈ ਵੀ ਮਨਾਇਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਵਿਚ ਕਾਂਗਰਸ ਦੇ ਮੈਂਬਰ ਗਾਰਾਮੈਂਡੀ ਸਦਨ ਦੇ ਸਿੱਖ ਕੌਕਸ ਦੇ ਉਪ ਮੁਖੀ ਵੀ ਹਨ। ਉੱਥੇ ਹੀ, ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ 130ਵੀਂ ਜੈਅੰਤੀ ਮੌਕੇ ਉਨ੍ਹਾਂ ਦੇ ਸਨਮਾਨ ਵਿਚ ਲਗਾਤਾਰ ਦੂਜੇ ਸਾਲ ਇਕ ਪ੍ਰਸਤਾਵ ਪੇਸ਼ ਕੀਤਾ। ਇਸ ਦਾ ਉਦੇਸ਼ ਦੁਨੀਆ ਭਰ ਦੇ ਨੌਜਵਾਨ ਆਗੂਆਂ ਨੂੰ ਅੰਬੇਦਕਰ ਦੇ ਸਮਾਨਤਾ ਦੇ ਨਜ਼ਰੀਏ ਤੋਂ ਪ੍ਰੇਰਿਤ ਕਰਨਾ ਸੀ।
ਪ੍ਰਸਤਾਵ ਪੇਸ਼ ਕਰਨ ਤੋਂ ਬਾਅਦ ਖੰਨਾ ਨੇ ਇਕ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਕਿਹਾ ਕਿ ਅੰਬੇਦਕਰ ਅਜਿਹਾ ਭਾਰਤ ਅਤੇ ਅਮਰੀਕਾ ਚਾਹੁੰਦੇ ਸਨ, ਜਿੱਥੇ ਅਸੀਂ ਸਾਰਿਆਂ ਦੇ ਮਾਣ ਦਾ ਸਨਮਾਨ ਕਰ ਸਕੀਏ। ਅੱਜ ਮੈਂ ਡਾ. ਬੀ.ਆਰ. ਅੰਬੇਦਕਰ ਨੂੰ ਸਨਮਾਨਿਤ ਕਰਨ ਲਈ ਇਕ ਵਾਰ ਫਿਰ ਆਪਣਾ ਪ੍ਰਸਤਾਵ ਪੇਸ਼ ਕਰ ਰਿਹਾ ਹਾਂ, ਇਸ ਆਸ ਵਿਚ ਕਿ ਦੁਨੀਆ ਭਰ ਦੇ ਨੌਜਵਾਨ ਆਗੂ ਉਨ੍ਹਾਂ ਦੇ ਕੰਮ ਬਾਰੇ ਪੜ੍ਹਨਗੇ ਅਤੇ ਸਮਾਨਤਾ ਦੇ ਉਨ੍ਹਾਂ ਦੇ ਨਜ਼ਰੀਏ ਤੋਂ ਪ੍ਰੇਰਿਤ ਹੋਣਗੇ।