ਬਿਉਰੋ ਰਿਪੋਰਟ: ਜਗਰਾਉਂ ’ਚ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 50 ਸਾਲਾ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਲਾਸ਼ ਨਿਰੰਕਾਰੀ ਭਵਨ ਸਿੱਧਵਾਂ ਬੇਟ ਤੋਂ ਕਿਸ਼ਨਪੁਰਾ ਕਾਲਾ ਰੋਡ ’ਤੇ ਦਰੱਖਤ ਨਾਲ ਲਟਕਦੀ ਮਿਲੀ।
ਮ੍ਰਿਤਕ ਦੀ ਪਛਾਣ 50 ਸਾਲਾ ਅਵਤਾਰ ਸਿੰਘ ਉਰਫ਼ ਸ਼ਾਂਤੀ ਕਿਸ਼ਨਪੁਰੀਆ ਵਾਸੀ ਕਿਸ਼ਨਪੁਰਾ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਪਿੰਡ ਕਿਸ਼ਨਪੁਰਾ ਦੇ ਲੋਕ ਅਤੇ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ’ਚ ਰਖਵਾ ਦਿੱਤਾ ਹੈ। ਐਤਵਾਰ ਨੂੰ ਪੋਸਟਮਾਰਟਮ ਕਰਵਾ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਦਿੰਦਿਆਂ ਥਾਣਾ ਸਿੱਧਵਾਂ ਬੇਟ ਦੇ ਐਸ.ਆਈ ਰਾਜਵਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਾਬਕਾ ਕਬੱਡੀ ਖਿਡਾਰੀ ਹੈ। ਕੋਈ ਨੌਕਰੀ ਨਾ ਮਿਲਣ ਅਤੇ ਸਰਕਾਰੀ ਤੰਤਰ ਤੋਂ ਹਾਰਨ ਤੋਂ ਬਾਅਦ ਉਹ ਹੌਲੀ-ਹੌਲੀ ਨਸ਼ੇ ਦੀ ਦਲਦਲ ਵਿੱਚ ਫਸ ਗਿਆ। ਜਿਸ ਤੋਂ ਬਾਅਦ ਉਸ ਨੇ ਕਬੱਡੀ ਛੱਡ ਦਿੱਤੀ ਅਤੇ ਘਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮ੍ਰਿਤਕ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਦੋ ਬੇਟੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਮ੍ਰਿਤਕ ਘਰ ਵਿੱਚ ਬੈਠਾ ਮੋਬਾਈਲ ’ਤੇ ਗੀਤ ਸੁਣ ਰਿਹਾ ਸੀ। ਇਸ ਦੌਰਾਨ ਮ੍ਰਿਤਕ ਦੀ ਮਾਤਾ ਨੇ ਉਸ ਨੂੰ ਗੀਤ ਸੁਣਨ ਦੀ ਬਜਾਏ ਗੁਰੂ ਵਾਣੀ ਅਤੇ ਪ੍ਰਮਾਤਮਾ ਦਾ ਨਾਮ ਲੈਣ ਲਈ ਕਿਹਾ। ਜਿਸ ਤੋਂ ਬਾਅਦ ਉਹ ਘਰ ਛੱਡ ਕੇ ਚਲਾ ਗਿਆ। ਪਰ ਕੁਝ ਦੇਰ ਬਾਅਦ ਹੀ ਪਰਿਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਮਿਲ ਗਈ। ਮ੍ਰਿਤਕ ਨੇ ਦਰਖ਼ਤ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।