The Khalas Tv Blog India ਭਾਰਤ ਦੀ ਆਬਾਦੀ ਚੀਨ ਤੋਂ ਹੋਵੇਗੀ ਜ਼ਿਆਦਾ
India International

ਭਾਰਤ ਦੀ ਆਬਾਦੀ ਚੀਨ ਤੋਂ ਹੋਵੇਗੀ ਜ਼ਿਆਦਾ

ਦ ਖ਼ਾਲਸ ਬਿਊਰੋ : ਅਗਲੇ ਵਰ੍ਹੇ ਭਾਰਤ ਦੀ ਆਬਾਦੀ ਚੀਨ ਤੋਂ ਜ਼ਿਆਦਾ ਹੋ ਜਾਵੇਗੀ ਇਹ ਸੰਭਾਵਨਾ ਸੰਯੁਤਕ ਰਾਸ਼ਟਰ ਨੇ ਇੱਕ ਰਿਪੋਰਟ ਵਿੱਚ ਜਤਾਈ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਭਾਰਤ ਅਗਲੇ ਵਰ੍ਹੇ ਚੀਨ ਨੂੰ ਪਿਛਾਂਹ ਛੱਡਦਿਆਂ ਦੁਨੀਆ ’ਚ ਸੱਭ ਤੋਂ ਵਧ ਆਬਾਦੀ ਵਾਲਾ ਮੁਲਕ ਬਣ ਜਾਵੇਗਾ। ਰਿਪੋਰਟ ’ਚ ਇਹ ਵੀ ਅੰਦਾਜ਼ਾ ਲਾਇਆ ਗਿਆ ਹੈ ਕਿ ਮੌਜੂਦਾ ਵਰ੍ਹੇ ਨਵੰਬਰ ’ਚ ਦੁਨੀਆ ਦੀ ਆਬਾਦੀ ਅੱਠ ਅਰਬ ਤੱਕ ਪਹੁੰਚ ਜਾਵੇਗੀ। ਰਿਪੋਰਟ ਮੁਤਾਬਕ ਹੁਣ ਚੀਨ ਦੀ ਆਬਾਦੀ 1.426 ਅਰਬ ਜਦਕਿ ਭਾਰਤ ’ਚ 1.412 ਅਰਬ ਹੈ। ਜੇਕਰ ਜਨਮ ਲੈਣ ਦੀ ਦਰ ਇਹੋ ਰਹੀ ਤਾਂ ਭਾਰਤ ਦੀ ਆਬਾਦੀ 2050 ’ਚ 1.668 ਅਰਬ ਹੋ ਜਾਵੇਗੀ ਜੋ ਚੀਨ ਦੀ 1.317 ਅਰਬ ਨਾਲੋਂ ਕਿਤੇ ਵੱਧ ਹੋਵੇਗੀ।

ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਵਿਸ਼ਵ ਆਬਾਦੀ ਸੰਭਾਵਨਾ 2022 ਮੁਤਾਬਕ 1950 ਤੋਂ ਆਲਮੀ ਆਬਾਦੀ ਹੌਲੀ ਰਫ਼ਤਾਰ ਨਾਲ ਵਧ ਰਹੀ ਹੈ। ਤਾਜ਼ੇ ਅੰਕੜਿਆਂ ਮੁਤਾਬਕ ਦੁਨੀਆ ਦੀ ਆਬਾਦੀ 2030 ’ਚ ਕਰੀਬ ਸਾਢੇ 8 ਅਰਬ ਅਤੇ 2050 ’ਚ 9.7 ਅਰਬ ਹੋਣ ਦੀ ਸੰਭਾਵਨਾ ਹੈ। ਇਕ ਅੰਦਾਜ਼ੇ ਮੁਤਾਬਕ 2080ਵੇਂ ਦੌਰਾਨ ਆਬਾਦੀ ਕਰੀਬ 10.4 ਅਰਬ ਹੋ ਸਕਦੀ ਹੈ ਜੋ 2100 ਤੱਕ ਇੰਨੀ ਹੀ ਰਹਿ ਸਕਦੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਨੇ ਕਿਹਾ ਕਿ ਇਸ ਵਰ੍ਹੇ ਵਿਸ਼ਵ ਆਲਮੀ ਦਿਵਸ (11 ਜੁਲਾਈ) ਅਜਿਹੇ ਸਮੇਂ ਆਇਆ ਹੈ ਜਦੋਂ ਦੁਨੀਆ ਦੀ ਆਬਾਦੀ 8 ਅਰਬ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਧਰਤੀ ਦੀ ਸੰਭਾਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਆਉਂਦੀਆਂ ਪੀੜ੍ਹੀਆਂ ਵੀ ਇਸ ਦਾ ਆਨੰਦ ਮਾਣ ਸਕਣ।

Exit mobile version