The Khalas Tv Blog India ਉਲੰਪਿਕਸ ਵਿੱਚ ਭਾਰਤ ਦੀ ਚਾਨੂ ਨੇ ਗੱਡਿਆ ਜਿੱਤ ਦਾ ਝੰਡਾ
India

ਉਲੰਪਿਕਸ ਵਿੱਚ ਭਾਰਤ ਦੀ ਚਾਨੂ ਨੇ ਗੱਡਿਆ ਜਿੱਤ ਦਾ ਝੰਡਾ

ਟੋਕੀਓ ਉਲੰਪਿਕ ਦੀ ਕੱਲ੍ਹ ਜਸ਼ਨਾਂ ਨਾਲ ਸ਼ੁਰੂਆਤ ਹੋਈ। ਭਾਰਤ ਲਈ ਵੇਟਲਿਫਟਰ ਮੀਰਾਬਾਈ ਚਾਨੂ ਨੇ ਸਿਲਵਰ ਮੈਡਲ ਜਿੱਤਿਆ ਹੈ। ਚਾਨੂ ਨੇ ਟੋਕੀਓ ਵਿਖੇ ਵੇਟਲਿਫਟਿੰਗ ਦੇ ਔਰਤ ਵਰਗ ਵਿੱਚ 48 ਕਿੱਲੋ ਭਾਰ ਗਰੁੱਪ ਵਿੱਚ ਕੁੱਲ 202 ਕਿੱਲੋ ਭਾਰ ਚੁੱਕ ਕੇ ਸਿਲਵਰ ਮੈਡਲ ਜਿੱਤਿਆ ਹੈ। ਚਾਨੂ ਨੇ ਸਨੈਚ ਵਿੱਚ 87 ਕਿੱਲੋ ਭਾਰ ਚੁੱਕ ਕੇ ਦੂਜੀ ਪੁਜ਼ੀਸ਼ਨ ਬਣਾਈ ਸੀ। ਕਲੀਨ ਜਰਕ ਵਿੱਚ ਚਾਨੂ ਨੇ 115 ਕਿਲੋ ਭਾਰ ਚੁੱਕਿਆ। ਓਲੰਪਿਕ ਇਤਿਹਾਸ ਵਿੱਚ ਚਾਨੂ ਦੂਜੀ ਭਾਰਤੀ ਵੇਟਲਿਫਟਰ ਬਣ ਗਈ, ਜਿਸ ਨੇ ਮੈਡਲ ਜਿੱਤਿਆ ਹੈ। ਇਸ ਤੋਂ ਪਹਿਲਾ ਕਰਨਮ ਮਲੇਸ਼ਵਰੀ ਨੇ 2 ਹਜ਼ਾਰ ਸਿਡਨੀ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ।

ਚਾਨੂ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਬਣ ਗਈ ਹੈ। ਓਲੰਪਿਕਸ ਇਤਿਹਾਸ ਵਿੱਚ ਇਹ ਭਾਰਤ ਵੱਲੋਂ ਜਿੱਤਿਆ 27ਵਾਂ ਮੈਡਲ ਹੈ। ਮਨੀਪੁਰ ਦੀ ਸਾਈਖੋਮ ਮੀਰਾਬਾਈ ਚਾਨੂ ਪਿਛਲੀਆਂ ਰੀਓ ਓਲੰਪਿਕਸ-2016 ਵਿੱਚ ਸਨੈਚ ਵਿੱਚ ਛੇਵੇਂ ਸਥਾਨ ਉੱਤੇ ਚੱਲ ਰਹੀ ਸੀ ਪਰ ਕਲੀਨ ਜਰਕ ਵਿੱਚ ਕੋਈ ਵੀ ਲਿਫ਼ਟ ਨਾ ਚੁੱਕਣ ਕਾਰਨ ਆਪਣਾ ਈਵੈਂਟ ਨਹੀਂ ਪੂਰਾ ਕਰ ਸਕੀ ਸੀ।

ਚਾਨੂ ਨੇ 2017 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ ਸੀ। 2018 ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਤੇ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਪਿਛਲੇ ਸਾਲ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ। ਹੁਣ ਤੱਕ ਚਾਨੂ ਚੌਥੇ ਸਰਵਉਚ ਨਾਗਰਿਕ ਸਨਮਾਨ ਪਦਮ ਸ੍ਰੀ ਅਤੇ ਸਭ ਤੋਂ ਵੱਡੇ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਹੋਈ ਹੈ।

Exit mobile version