ਕੈਲੀਫੋਰਨੀਆ ਵਿੱਚ ਬਜ਼ੁਰਗਾਂ ਨਾਲ 27 ਲੱਖ ਡਾਲਰ ਦੀ ਧੋਖਾਧੜੀ ਦੇ ਮਾਮਲੇ ਵਿੱਚ 20 ਸਾਲਾ ਭਾਰਤੀ ਵਿਦਿਆਰਥੀ ਕਿਸ਼ਨ ਰਜੇਸ਼ ਕੁਮਾਰ ਪਟੇਲ ਨੂੰ 63 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਵਸਾਰੀ, ਗੁਜਰਾਤ ਦਾ ਰਹਿਣ ਵਾਲਾ ਪਟੇਲ ਵਿਦਿਆਰਥੀ ਵੀਜ਼ੇ ’ਤੇ ਅਮਰੀਕਾ ਆਇਆ ਸੀ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਉਸ ਨੇ ਸਹਿ-ਸਾਜਿਸ਼ਕਾਰ ਧਰੁੱਵ ਰਾਜੇਸ਼ਭਾਈ ਮੰਗੂਕਿਆ ਅਤੇ ਹੋਰਨਾਂ ਨਾਲ ਮਿਲ ਕੇ ਇੱਕ ਕੌਮਾਂਤਰੀ ਘੁਟਾਲੇ ਦੀ ਸਕੀਮ ਬਣਾਈ। ਉਨ੍ਹਾਂ ਨੇ ਸਰਕਾਰੀ ਅਫਸਰਾਂ ਦਾ ਭੇਸ ਧਾਰ ਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿੱਚੋਂ ਪਟੇਲ ਨੇ 25 ਬਜ਼ੁਰਗਾਂ ਕੋਲੋਂ ਵੱਡੀਆਂ ਰਕਮਾਂ ਵਸੂਲੀਆਂ।
ਉਸ ਨੇ ਆਪਣਾ ਹਿੱਸਾ ਰੱਖ ਕੇ ਬਾਕੀ ਪੈਸਾ ਸਹਿ-ਸਾਜਿਸ਼ਕਾਰਾਂ ਨੂੰ ਦਿੱਤਾ। 24 ਅਗਸਤ, 2024 ਨੂੰ, ਜਦੋਂ ਉਸ ਨੇ ਇੱਕ ਪੀੜਤ ਕੋਲੋਂ 1,30,000 ਡਾਲਰ ਲਏ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੰਘੀ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ, ਪਟੇਲ ਨੇ ਅਦਾਲਤ ਵਿੱਚ ਆਪਣੇ ਦੋਸ਼ ਕਬੂਲ ਕਰ ਲਏ। ਯੂ.ਐਸ. ਡਿਸਟ੍ਰਿਕਟ ਜੱਜ ਰਾਬਰਟ ਪਿਟਮੈਨ ਨੇ ਉਸ ਨੂੰ ਸਜ਼ਾ ਸੁਣਾਈ।
ਸਜ਼ਾ ਪੂਰੀ ਹੋਣ ’ਤੇ ਉਸ ਨੂੰ ਭਾਰਤ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ। ਮੰਗੂਕਿਆ ਨੇ ਵੀ ਦੋਸ਼ ਕਬੂਲ ਕਰ ਲਏ ਹਨ, ਪਰ ਉਸ ਦੀ ਸਜ਼ਾ ਅਜੇ ਸੁਣਾਈ ਜਾਣੀ ਹੈ।