ਬਿਉਰੋ ਰਿਪੋਰਟ – ਪੈਰਿਸ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੇ ਦਾ ਤਗਮਾ ਜਿੱਤ ਲਿਆ ਹੈ । ਓਲੰਪਿਕ ਵਿੱਚ ਭਾਰਤ ਦਾ ਲਗਾਤਾਰ ਦੂਜਾ ਕਾਂਸੇ ਦਾ ਤਗਮਾ ਹੈ ।ਇਸ ਤੋਂ ਪਹਿਲਾਂ 2020 ਟੋਕੀਓ ਓਲੰਪਿਕ ਵਿੱਚ ਵੀ ਟੀਮ ਇੰਡੀਆ ਨੇ 4 ਦਹਾਕੇ ਬਾਅਦ ਕਾਂਸੇ ਦੇ ਤਗਮੇ ਦੇ ਰੂਪ ਵਿੱਚ ਹਾਕੀ ਵਿੱਚ ਮੈਡਲ ਜਿੱਤਿਆ ਸੀ। ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ 2 ਗੋਲ ਪੈਨੇਲਟੀ ਕਾਰਨਰ ਦੇ ਨਾਲ ਕਰਕੇ ਟੀਮ ਇੰਡੀਆ ਨੂੰ ਵਾਧਾ ਦਿਵਾਇਆ । ਸਪੇਨ ਨੇ ਸ਼ੁਰੂਆਤ ਵਿੱਚ ਹੀ ਪੈਨੇਲਟੀ ਸ਼ੂਟਆਉਟ ਦੇ ਨਾਲ 1-0 ਦਾ ਵਾਧਾ ਹਾਸਲ ਕਰ ਲਿਆ ਪਰ ਭਾਰਤ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨੇਲਟੀ ਕਾਰਨਰ ਦੇ ਜ਼ਰੀਏ ਪਹਿਲਾਂ ਬਰਾਬਰੀ ਕੀਤੀ ਫਿਰ ਦੂਜੇ ਪੈਨੇਲਟੀ ਕਾਰਨਰ ਨਾਲ 2-1 ਦਾ ਵਾਧਾ ਹਾਸਲ ਕਰ ਲਿਆ । ਕਪਤਾਨ ਹਰਮਨਪ੍ਰੀਤ ਨੇ ਪੂਰੀ ਟੂਰਨਾਮੈਂਟ ਵਿੱਚ 10 ਗੋਲ ਕੀਤੇ ਹਨ ।
ਓਲੰਪਿਕ ਦੇ ਇਤਿਹਾਸ ਵਿੱਚ ਭਾਰਤੀ ਹਾਕੀ ਟੀਮ ਨੇ ਹੁਣ ਤੱਕ 13 ਮੈਡਲ ਹਾਸਲ ਕੀਤੇ ਹਨ, ਜਿੰਨਾਂ ਵਿੱਚ ਕਾਂਸੇ ਦੇ 4 ਤਗਮੇ ਹਨ । ਭਾਰਤ ਦੀ ਪੈਰਿਸ ਵਿੱਚ ਕਾਂਸੇ ਦੇ ਤਗਮੇ ਦੀ ਜਿੱਤ ਵਿੱਚ ਸਭ ਤੋਂ ਅਹਿਮ ਯੋਗਦਾਨ ਗੋਲਕੀਪਰ ਸ਼੍ਰੀਜੇਸ਼ ਦਾ ਰਿਹਾ ਹੈ । ਭਾਰਤ ਦੇ ਗੋਲ ਵਿੱਚ ਮਜ਼ਬੂਤ ਕੰਧ ਵਾਂਗ ਉਨ੍ਹਾਂ ਨੇ ਗੋਲ ਰੋਕੇ,ਸਪੇਨ ਖਿਲਾਫ ਵੀ ਅੱਜ ਅਜਿਹੇ ਕਈ ਮੌਕੇ ਆਏ ਜਦੋਂ ਉਨ੍ਹਾਂ ਨੇ ਗੋਲ ਬਚਾਏ । ਪੂਰੀ ਟੀਮ ਨੇ ਸ੍ਰੀਜੇਸ਼ ਦੀ ਇਸ ਖੇਡ ਭਾਵਨਾਵਾ ਨੂੰ ਹਾਕੀ ਦੇ ਜ਼ਰੀਏ ਸੱਜਦਾ ਕੀਤਾ । ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼੍ਰੀਜੇਸ਼ ਨੇ ਆਪਣੀ ਰਿਟਾਇਡਮੈਂਟ ਦਾ ਐਲਾਨ ਕਰ ਦਿੱਤਾ ਸੀ । ਪਿਛਲੇ ਓਲੰਪਿਕ ਵਿੱਚ ਵੀ ਸ਼੍ਰੀਜੇਸ਼ ਨੇ ਅਹਿਮ ਯੋਗਦਾਨ ਦੇਕੇ ਭਾਰਤੀ ਟੀਮ ਨੂੰ ਕਾਂਸੇ ਦਾ ਤਗਮਾ ਦਿਵਾਇਆ ਸੀ।