ਬਿਊਰੋ ਰਿਪੋਰਟ (28 ਨਵੰਬਰ, 2025): ਦੁਨੀਆ ਭਰ ਵਿੱਚ ਅਮਰੀਕੀ ਟੈਰਿਫ ਦਾ ਦਬਾਅ ਹੈ ਅਤੇ ਪ੍ਰਾਈਵੇਟ ਨਿਵੇਸ਼ ਸੁਸਤ ਹੈ, ਫਿਰ ਵੀ ਭਾਰਤ ਦੀ ਅਰਥਵਿਵਸਥਾ (Indian Economy) ਜੁਲਾਈ-ਸਤੰਬਰ ਤਿਮਾਹੀ ਵਿੱਚ 8.2% ਦੀ ਦਰ ਨਾਲ ਵਧੀ ਹੈ। ਇਹ ਪਿਛਲੀਆਂ 6 ਤਿਮਾਹੀਆਂ ਵਿੱਚੋਂ ਸਭ ਤੋਂ ਵੱਧ ਹੈ। ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ ਇਹ ਦਰ 5.6% ਸੀ, ਜਦੋਂ ਕਿ ਅਪ੍ਰੈਲ-ਜੂਨ ਤਿਮਾਹੀ ਵਿੱਚ ਇਹ 7.8% ਸੀ।
ਨੈਸ਼ਨਲ ਸਟੈਟਿਸਟੀਕਲ ਆਫ਼ਿਸ (NSO) ਦੇ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਪੇਂਡੂ ਮੰਗ (Rural Demand), ਸਰਕਾਰੀ ਖਰਚ (Government Spending) ਅਤੇ ਮੈਨੂਫੈਕਚਰਿੰਗ ਸੈਕਟਰ ਦੀ ਤੇਜ਼ ਰਫ਼ਤਾਰ ਨੇ ਅਰਥਵਿਵਸਥਾ ਨੂੰ ਹੁਲਾਰਾ ਦਿੱਤਾ ਹੈ। ਜੀ.ਐੱਸ.ਟੀ. (GST) ਦਰਾਂ ਵਿੱਚ ਕਟੌਤੀ ਦਾ ਪੂਰਾ ਅਸਰ ਅਜੇ ਆਉਣਾ ਬਾਕੀ ਹੈ, ਪਰ ਇਹ ਨਤੀਜੇ ਪਹਿਲਾਂ ਹੀ ਉਮੀਦ ਤੋਂ ਵੱਧ ਹਨ।
ਜੀ.ਡੀ.ਪੀ. (GDP) ਕੀ ਹੈ?
ਅਰਥਵਿਵਸਥਾ ਦੀ ਸਿਹਤ ਨੂੰ ਟਰੈਕ ਕਰਨ ਲਈ ਜੀ.ਡੀ.ਪੀ. ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਦੇਸ਼ ਦੇ ਅੰਦਰ ਇੱਕ ਨਿਰਧਾਰਤ ਸਮੇਂ ਵਿੱਚ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਨੂੰ ਦਰਸਾਉਂਦੀ ਹੈ। ਇਸ ਵਿੱਚ ਉਹ ਵਿਦੇਸ਼ੀ ਕੰਪਨੀਆਂ ਵੀ ਸ਼ਾਮਲ ਹੁੰਦੀਆਂ ਹਨ ਜੋ ਦੇਸ਼ ਦੀਆਂ ਸੀਮਾਵਾਂ ਦੇ ਅੰਦਰ ਰਹਿ ਕੇ ਉਤਪਾਦਨ ਕਰਦੀਆਂ ਹਨ।
ਜੀ.ਡੀ.ਪੀ. ਦੋ ਤਰ੍ਹਾਂ ਦੀ ਹੁੰਦੀ ਹੈ
- ਰੀਅਲ ਜੀ.ਡੀ.ਪੀ. (Real GDP): ਇਸ ਵਿੱਚ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਦੀ ਗਣਨਾ ਬੇਸ ਈਅਰ ਦੇ ਮੁੱਲ ਜਾਂ ਸਥਿਰ ਕੀਮਤਾਂ (Stable Price) ‘ਤੇ ਕੀਤੀ ਜਾਂਦੀ ਹੈ। ਫਿਲਹਾਲ ਜੀ.ਡੀ.ਪੀ. ਦੀ ਗਣਨਾ ਕਰਨ ਲਈ ਬੇਸ ਈਅਰ 2011-12 ਹੈ।
- ਨੌਮੀਨਲ ਜੀ.ਡੀ.ਪੀ. (Nominal GDP): ਇਸ ਦੀ ਗਣਨਾ ਮੌਜੂਦਾ ਕੀਮਤਾਂ (Current Price) ‘ਤੇ ਕੀਤੀ ਜਾਂਦੀ ਹੈ।

