‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਹਵਾਈ ਸੈਨਾ ਦਾ ਮਿਗ-21 ਲੜਾਕੂ ਜਹਾਜ਼ ਮੋਗਾ ਦੇ ਬਾਘਾਪੁਰਾਣਾ ਸਬ ਡਿਵੀਜ਼ਨ ਅਧੀਨ ਪਿੰਡ ਲੰਗੇਆਣਾ ਕਲਾਂ ਨੇੜੇ ਖੇਤਾਂ ਵਿੱਚ ਕਰੈਸ਼ ਹੋ ਗਿਆ ਹੈ। ਹਾਦਸੇ ਵਿੱਚ ਪਾਇਲਟ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਉਨ੍ਹਾਂ ਦੀ ਲਾਸ਼ ਘਟਨਾ ਸਥਾਨ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਮਿਲੀ ਹੈ।
ਹਾਦਸੇ ਵਿੱਚ ਮਾਰੇ ਗਏ ਪਾਇਲਟ ਦੀ ਪਛਾਣ ਸਕੁਐਡਰਨ ਲੀਡਰ ਅਤੇ ਪਾਇਲਟ ਅਭਿਨਵ ਚੌਧਰੀ ਵਜੋਂ ਹੋਈ ਹੈ। ਕੱਲ੍ਹ ਦੇਰ ਰਾਤ ਨੂੰ ਇਹ ਹਾਦਸਾ ਵਾਪਰਿਆ ਸੀ। ਇਸ ਜਹਾਜ਼ ਨੇ ਰਾਜਸਥਾਨ ਵਿੱਚ ਭਾਰਤੀ ਹਵਾਈ ਸੈਨਾ ਦੇ ਸੂਰਤਗੜ੍ਹ ਬੇਸ ਤੋਂ ਉਡਾਨ ਭਰੀ ਸੀ। ਮਿੱਗ-21 ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦੇ ਭਾਰਤੀ ਹਵਾਈ ਸੈਨਾ ਦੇ ਹਲਵਾਰਾ ਏਅਰ ਪੋਰਟ ਤੋਂ ਵਾਪਸ ਜਾ ਰਿਹਾ ਸੀ।
ਕਿਵੇਂ ਵਾਪਰਿਆ ਹਾਦਸਾ ?
ਜਾਣਕਾਰੀ ਮੁਤਾਬਕ ਜਹਾਜ਼ ਵਿੱਚ ਕੁੱਝ ਤਕਨੀਕੀ ਖਰਾਬੀ ਆ ਗਈ ਸੀ। ਤਕਨੀਕੀ ਖਰਾਬੀ ਆਉਣ ਉੱਤੇ ਪਾਇਲਟ ਵਿੰਗ ਕਮਾਂਡਰ ਅਭਿਨਵ ਚੌਧਰੀ ਨੇ ਕਰੈਸ਼ ਲੈਂਡਿੰਗ ਤੋਂ ਪਹਿਲਾਂ ਪੈਰਾਸ਼ੂਟ ਰਾਹੀਂ ਜਹਾਜ਼ ਤੋਂ ਆਪਣੇ-ਆਪ ਨੂੰ ਅਲੱਗ ਕਰ ਲਿਆ ਸੀ।
ਭਾਰਤੀ ਹਵਾਈ ਸੈਨਾ ਦੇ ਆਈਏਐੱਫ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤੀ ਹਵਾਈ ਸੈਨਾ ਦਾ ਮਿਗ -21 ਲੜਾਕੂ ਜਹਾਜ਼ ਦੇਰ ਰਾਤ ਪੰਜਾਬ ਦੇ ਮੋਗਾ ਨੇੜੇ ਕਰੈਸ਼ ਹੋ ਗਿਆ। ਜਹਾਜ਼ ਦੀ ਰੁਟੀਨ ਸਿਖਲਾਈ ਦੌਰਾਨ ਹਾਦਸਾ ਵਾਪਰਿਆ ਹੈ।
ਕੈਪਟਨ ਨੇ ਜਤਾਇਆ ਦੁੱਖ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਪਾਇਲਟ ਦੇ ਪੀੜਤ ਪਰਿਵਾਰ ਨਾਲ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ‘ਸਾਡੇ ਬਹਾਦਰ ਪਾਇਲਟ ਦੇ ਪਰਿਵਾਰ ਨਾਲ ਮੇਰੀ ਦਿਲੋਂ ਹਮਦਰਦੀ ਹੈ।’