The Khalas Tv Blog India ਕੈਨੇਡਾ ਪੁਲਿਸ ਦਾ ਵੱਡਾ ਦਾਅਵਾ, ਕੈਨੇਡਾ ਖ਼ਿਲਾਫ਼ ਗੈਂਗਸਟਰ ਲਾਰੈਂਸ ਨੂੰ ਵਰਤ ਰਹੀਆਂ ਭਾਰਤੀ ਏਜੰਸੀਆਂ
India International

ਕੈਨੇਡਾ ਪੁਲਿਸ ਦਾ ਵੱਡਾ ਦਾਅਵਾ, ਕੈਨੇਡਾ ਖ਼ਿਲਾਫ਼ ਗੈਂਗਸਟਰ ਲਾਰੈਂਸ ਨੂੰ ਵਰਤ ਰਹੀਆਂ ਭਾਰਤੀ ਏਜੰਸੀਆਂ

ਬਿਉਰੋ ਰਿਪੋਰਟ – ਕੈਨੇਡਾ ਅਤੇ ਭਾਰਤ ਨੇ ਆਪਣੇ ਡਿਪਲੋਮੈਟਸ (Canada and Indian Diplomats) ਨੂੰ ਵਾਪਸ ਬੁਲਾਉਣ ਤੋਂ ਬਾਅਦ ਹੁਣ ਕੈਨੇਡੀਅਨ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਭਾਰਤੀ ਅਧਿਕਾਰੀਆਂ ‘ਤੇ ਵੱਡਾ ਸਵਾਲੀਆ ਨਿਸ਼ਾਨ ਲਾਉਂਦਿਆਂ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦਾ ਜ਼ਿਕਰ ਕੀਤਾ।

RCMP ਯਾਨੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਇਲਜ਼ਾਮ ਲਾਇਆ ਹੈ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿੱਚ ਦਹਿਸ਼ਤ ਫੈਲਾਉਣ ਲਈ ਲਾਰੈਂਸ ਬਿਸ਼ਨੋਈ ਗੈਂਗ ਨਾਲ ਮਿਲ ਕੇ ਕੰਮ ਕਰ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ RCMP ਦੇ ਸਹਾਇਕ ਕਮਿਸ਼ਨਰ ਬ੍ਰਿਗੇਟ ਗੌਬਿਨ ਨੇ ਦੋਸ਼ ਲਾਇਆ,ਉਨ੍ਹਾਂ ਕਿਹਾ ਅਸੀਂ ਵੇਖਿਆ ਹੈ ਕਿ ਜੁਰਮ ਨੂੰ ਅੰਜਾਮ ਦੇਣ ਲਈ ਸੰਗਠਿਤ ਅਪਰਾਧੀ ਤੱਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਖ਼ਾਸ ਤੌਰ ‘ਤੇ ਇੱਕ ਗੈਂਗ ਇਸ ਲਈ ਜ਼ਿੰਮੇਵਾਰ ਹੈ।

ਬਿਸ਼ਨੋਈ ਗੈਂਗ ਭਾਰਤ ਦੇ ਏਜੰਟਾਂ ਨਾਲ ਜੁੜਿਆ ਹੋਇਆ ਹੈ। ਭਾਰਤ ਨੇ ਕੈਨੇਡਾ ਦੇ ‘ਬੇਬੁਨਿਆਦ ਦੋਸ਼ਾਂ’ ਦਾ ਖੰਡਨ ਕੀਤਾ ਤੇ ਚੇਤਾਵਨੀ ਦਿੱਤੀ ਕਿ ਉਸ ਨੂੰ ਜਵਾਬ ਵਿੱਚ ਹੋਰ ਕਦਮ ਚੁੱਕਣ ਦਾ ਵੀ ਅਧਿਕਾਰ ਹੈ। ਇਸ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਵਿੱਚ ਇੱਕ ਖ਼ਬਰ ਛਪੀ ਸੀ ਜਿਸ ਵਿੱਚ ਪਿਛਲੇ ਸਾਲ ਇੱਕ ਸਿੱਖ ਵੱਖਵਾਦੀ ਦੇ ਕਤਲ ਦਾ ਜ਼ਿਕਰ ਕੀਤਾ ਗਿਆ ਸੀ। ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਸੀ ਕਿ ਭਾਰਤ ਸਰਕਾਰ ਅਜਿਹੇ ਆਪਰੇਸ਼ਨਾਂ ਲਈ ਲਾਰੈਂਸ ਬਿਸ਼ਨੋਈ ਦੀ ਵਰਤੋਂ ਕਰ ਰਹੀ ਹੈ।

ਕੈਨੇਡਾ ਵਿੱਚ ਭਾਰਤੀ ਡਿਪਲੋਮੈਟ ਸ਼ੱਕੀ ਸਿੱਖ ਵੱਖਵਾਦੀਆਂ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰਦੇ ਹਨ, ਜੋ ਕਿ ਫਿਰ ਰਾਅ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਬਿਸ਼ਨੋਈ ਦੀ ਅਗਵਾਈ ਵਾਲੇ ਗਰੋਹ ਦੇ ਨਿਸ਼ਾਨੇ ਦੀ ਪਛਾਣ ਕੀਤੀ ਜਾ ਸਕੇ। ਸਥਾਨਕ ਪੁਲਿਸ ਮੁਤਾਬਿਕ, ਸਤੰਬਰ 2023 ਤੋਂ ਹੁਣ ਤੱਕ ਉਨ੍ਹਾਂ ਨੇ ਘੱਟੋ-ਘੱਟ 13 ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਨੇ ਕਿਹਾ, ਕਤਲ ਮਾਮਲੇ ‘ਚ ਕਰੀਬ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘੱਟੋ-ਘੱਟ 22 ਲੋਕਾਂ ਨੂੰ ਫਿਰੌਤੀ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਲੋਕਾਂ ਦੇ ਭਾਰਤ ਸਰਕਾਰ ਨਾਲ ਸਬੰਧ ਹਨ।

ਉਧਰ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਦੀ ਪ੍ਰੈਸ ਕਾਂਫਰੰਸ ਨੂੰ ਨਸ਼ਰ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਕੈਨੇਡੀਅਨ ਸਰਕਾਰ ਅਤੇ ਇਸ ਦੇ ਸੀਨੀਅਰ ਪੁਲਿਸ ਅਧਿਕਾਰੀ ਭਾਰਤੀ ਅਧਿਕਾਰੀਆਂ ਦੇ ਸਹਿਯੋਗ ਨਾਲ ਲਾਰੈਂਸ ਬਿਸ਼ਨੋਈ ਗਰੁੱਪ ਬਾਰੇ ਆਪਣੀ ਧਰਤੀ ‘ਤੇ ਸਿੱਖਾਂ ਨੂੰ ਸਰੀਰਕ ਤੌਰ ‘ਤੇ ਖਤਮ ਕਰਨ ਦੇ ਜੋ ਦੋਸ਼ ਲਗਾ ਰਹੇ ਹਨ, ਉਸ ਵਿੱਚ ਜੇਕਰ ਥੋੜ੍ਹੀ ਜਿਹੀ ਵੀ ਸੱਚਾਈ ਹੈ ਤਾਂ ਭਾਰਤ ਵਿੱਚ ਵੀ ਵਿਰੋਧ ਕਰਨ ਵਾਲਿਆਂ ਨੂੰ ਰੱਬ ਹੀ ਬਚਾ ਸਕਦਾ ਹੈ!

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹਾਲ ਹੀ ਵਿੱਚ ਬਾਬਾ ਸਿੱਦਗੀ ਦਾ ਕਤਲ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ। ਸਾਡੀ ਸਰਕਾਰ ਨੂੰ ਸਾਫ਼ ਕਰਨਾ ਚਾਹੀਦਾ ਹੈ ਅਤੇ ਘੱਟ ਗਿਣਤੀਆਂ ਦੇ ਨਾਲ-ਨਾਲ ਮੌਜੂਦਾ ਸੱਤਾਧਾਰੀ ਸਰਕਾਰ ਦਾ ਵਿਰੋਧ ਕਰ ਰਹੇ ਕਾਰਕੁੰਨਾਂ ਅਤੇ ਸਿਆਸਤਦਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਗੰਵਤ ਮਾਨ ਅਤੇ ਕੇਜਰੀਵਾਲ ਕੇਂਦਰੀ ਲੀਡਰਸ਼ਿਪ ਪੁਲਿਸ ਹਿਰਾਸਤ ਵਿੱਚ ਗੈਂਗਸਟਰ ਬਿਸ਼ਨੋਈ ਦੀ ਵਿਵਾਦਪੂਰਨ ਇੰਟਰਵਿਊ ‘ਤੇ ਚੁੱਪ ਕਿਉਂ ਹਨ? ਉਨ੍ਹਾਂ ਨੇ ਇੰਟਰਵਿਊ ਲਈ ਜ਼ਿੰਮੇਵਾਰ ਤਾਕਤਾਂ ਵਿਰੁੱਧ ਕੀ ਕਾਰਵਾਈ ਕੀਤੀ ਹੈ? ਹੈਰਾਨ ਕਰਨ ਵਾਲੇ ਖੁਲਾਸਿਆਂ ਦੇ ਮੱਦੇਨਜ਼ਰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੀ ਲੋੜ ਹੈ।

Exit mobile version