The Khalas Tv Blog India ਟਰੂਡੋ ਦੀ ਮੌਜੂਦਗੀ ਵਿੱਚ ਗਰਮਖਿਆਲੀ ਪੱਖੀ ਨਾਅਰੇਬਾਜ਼ੀ ਦਾ ਭਾਰਤ ਨੇ ਕੀਤਾ ਸਖ਼ਤ ਵਿਰੋਧ, ਡਿਪਟੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ
India International

ਟਰੂਡੋ ਦੀ ਮੌਜੂਦਗੀ ਵਿੱਚ ਗਰਮਖਿਆਲੀ ਪੱਖੀ ਨਾਅਰੇਬਾਜ਼ੀ ਦਾ ਭਾਰਤ ਨੇ ਕੀਤਾ ਸਖ਼ਤ ਵਿਰੋਧ, ਡਿਪਟੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ

ਦਿੱਲੀ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਾਹਮਣੇ ਗਰਮਖਿਆਲੀ ਪੱਖੀ ਨਾਅਰੇਬਾਜ਼ੀ ਕਰਨ ‘ਤੇ ਭਾਰਤ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਹੈ। ਇਸ ਸਬੰਧੀ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਭਾਰਤ ਨੇ ਸੋਮਵਾਰ ਨੂੰ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਗੀ ’ਚ ਟੋਰਾਂਟੋ ਵਿਖੇ ਇਕ ਜਨਤਕ ਸਮਾਗਮ ’ਚ ਖਾਲਿਸਤਾਨ ਪੱਖੀ ਨਾਅਰੇ ਲਗਾਏ ਜਾਣ ’ਤੇ ਸਖ਼ਤ ਵਿਰੋਧ ਦਰਜ ਕਰਵਾਇਆ।

ਵਿਦੇਸ਼ ਮੰਤਰਾਲੇ ਨੇ ਸਮਾਗਮ ’ਚ ਨਾਅਰੇ ਲਾਉਣ ਨੂੰ ‘ਪਰੇਸ਼ਾਨ ਕਰਨ ਵਾਲਾ’ ਦਸਿਆ ਅਤੇ ਕਿਹਾ ਕਿ ਇਹ ਇਕ ਵਾਰ ਫਿਰ ਉਸ ਸਿਆਸੀ ਥਾਂ ਨੂੰ ਦਰਸਾਉਂਦਾ ਹੈ ਜੋ ਕੈਨੇਡਾ ’ਚ ‘ਵੱਖਵਾਦ, ਅਤਿਵਾਦ ਅਤੇ ਹਿੰਸਾ’ ਨੂੰ ਦਿਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਕਾਰਵਾਈਆਂ ਨਾ ਸਿਰਫ ਭਾਰਤ-ਕੈਨੇਡਾ ਸਬੰਧਾਂ ਨੂੰ ਪ੍ਰਭਾਵਤ ਕਰਦੀਆਂ ਹਨ, ਬਲਕਿ ਕੈਨੇਡਾ ਵਿਚ ਹਿੰਸਾ ਅਤੇ ਅਪਰਾਧਕਤਾ ਦੇ ਮਾਹੌਲ ਨੂੰ ਵੀ ਉਤਸ਼ਾਹਤ ਕਰਦੀਆਂ ਹਨ ਜਿਸ ਨਾਲ ਉਸ ਦੇ ਅਪਣੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਦਾ ਹੈ।

ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਇਕ ਪ੍ਰੋਗਰਾਮ ਦੌਰਾਨ ਖਾਲਿਸਤਾਨ ’ਤੇ ਵੱਖਵਾਦੀ ਨਾਅਰੇ ਲਾਉਣ ਦੇ ਸਬੰਧ ’ਚ ਅੱਜ ਵਿਦੇਸ਼ ਮੰਤਰਾਲੇ ’ਚ ਤਲਬ ਕੀਤਾ ਗਿਆ, ਜਿਸ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨਿੱਜੀ ਤੌਰ ’ਤੇ ਸੰਬੋਧਨ ਕਰ ਰਹੇ ਸਨ।

ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਇਸ ਤਰ੍ਹਾਂ ਦੀਆਂ ਪਰੇਸ਼ਾਨ ਕਰਨ ਵਾਲੀਆਂ ਕਾਰਵਾਈਆਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਰੱਖਣ ’ਤੇ ਡੂੰਘੀ ਚਿੰਤਾ ਅਤੇ ਸਖਤ ਵਿਰੋਧ ਜ਼ਾਹਰ ਕੀਤਾ ਹੈ।  ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਨਾ ਸਿਰਫ ਭਾਰਤ-ਕੈਨੇਡਾ ਸਬੰਧਾਂ ਨੂੰ ਪ੍ਰਭਾਵਤ ਕਰਦੇ ਹਨ, ਬਲਕਿ ਕੈਨੇਡਾ ਵਿਚ ਹਿੰਸਾ ਅਤੇ ਅਪਰਾਧਕਤਾ ਦੇ ਮਾਹੌਲ ਨੂੰ ਵੀ ਉਤਸ਼ਾਹਤ ਕਰਦੇ ਹਨ ਜੋ ਅਪਣੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਦੱਸ ਦੇਈਏ ਕਿ ਕੈਨੇਡਾ ਦੇ ਟੋਰਾਂਟੋ ‘ਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ, ਜਿਸ ‘ਚ ਵੱਡੀ ਗਿਣਤੀ ‘ਚ ਸਿੱਖ ਭਾਈਚਾਰੇ ਦੇ ਲੋਕ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਸੀਂ ਤੁਹਾਡੇ ਅਧਿਕਾਰਾਂ ਦੀ ਰਾਖੀ ਲਈ ਹਾਜ਼ਰ ਹਾਂ। ਇਸ ਦੌਰਾਨ ਲੋਕਾਂ ਨੇ ਗਰਮਖਿਆਲੀਆਂ ਦੇ ਹੱਕ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

 

 

Exit mobile version