The Khalas Tv Blog India ਭਾਰਤ-ਚੀਨ ਵਿਚਾਲੇ ਲੱਦਾਖ ’ਚ ਗਸ਼ਤ ਦੇ ਨਵੇਂ ਸਮਝੌਤੇ ’ਤੇ ਬਣੀ ਸਹਿਮਤੀ! ਗਲਵਾਨ ਘਾਟੀ ਵਰਗੇ ਟਕਰਾਅ ਤੋਂ ਹੋਵੇਗਾ ਬਚਾਅ
India International

ਭਾਰਤ-ਚੀਨ ਵਿਚਾਲੇ ਲੱਦਾਖ ’ਚ ਗਸ਼ਤ ਦੇ ਨਵੇਂ ਸਮਝੌਤੇ ’ਤੇ ਬਣੀ ਸਹਿਮਤੀ! ਗਲਵਾਨ ਘਾਟੀ ਵਰਗੇ ਟਕਰਾਅ ਤੋਂ ਹੋਵੇਗਾ ਬਚਾਅ

ਬਿਉਰੋ ਰਿਪੋਰਟ: ਬ੍ਰਿਕਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸ਼ਮੂਲੀਅਤ ਤੋਂ ਪਹਿਲਾਂ ਭਾਰਤ ਅਤੇ ਚੀਨ ਵਿਚਾਲੇ ਇੱਕ ਵੱਡੇ ਸਮਝੌਤੇ ’ਤੇ ਦਸਤਖ਼ਤ ਹੋਏ ਹਨ। ਦੋਵੇਂ ਦੇਸ਼ ਅਸਲ ਕੰਟਰੋਲ ਰੇਖਾ (LAC) ’ਤੇ ਗਸ਼ਤ ਕਰਨ ਲਈ ਸਹਿਮਤ ਹੋ ਗਏ ਹਨ। ਇਸ ਨਾਲ ਪੂਰਬੀ ਲੱਦਾਖ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਸੁਲਝ ਸਕਦਾ ਹੈ ਅਤੇ ਟਕਰਾਅ ਵੀ ਘੱਟ ਸਕਦਾ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਕਰਮ ਮਿਨਸਰੀ ਨੇ ਸੋਮਵਾਰ ਨੂੰ ਇਸ ਸਮਝੌਤੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਅਤੇ ਚੀਨ ਦੇ ਅਧਿਕਾਰੀ ਪਿਛਲੇ ਕਈ ਹਫ਼ਤਿਆਂ ਤੋਂ ਇਸ ਮੁੱਦੇ ’ਤੇ ਗੱਲਬਾਤ ਕਰ ਰਹੇ ਸਨ। ਗੱਲਬਾਤ ਵਿੱਚ ਫੌਜ ਦੇ ਅਧਿਕਾਰੀ ਵੀ ਸ਼ਾਮਲ ਸਨ।

ਰਿਪੋਰਟਾਂ ਮੁਤਾਬਕ ਗਸ਼ਤ ਦੀ ਨਵੀਂ ਪ੍ਰਣਾਲੀ ’ਤੇ ਸਹਿਮਤੀ ਤੋਂ ਬਾਅਦ ਦੋਵੇਂ ਦੇਸ਼ ਆਪਣੀਆਂ ਫੌਜਾਂ ਨੂੰ ਵਾਪਸ ਬੁਲਾ ਸਕਦੇ ਹਨ। ਵਰਤਮਾਨ ਵਿੱਚ ਸੈਨਿਕਾਂ ਨੂੰ ਡੇਪਸਾਂਗ ਪਲੇਨ ਡੇਮਚੋਕ ਵਿੱਚ ਗਸ਼ਤ ਪੁਆਇੰਟਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ। ਨਵਾਂ ਸਮਝੌਤਾ ਇਨ੍ਹਾਂ ਨੁਕਤਿਆਂ ਨਾਲ ਸਬੰਧਿਤ ਹੈ। ਇਸ ਨਾਲ 2020 ਦੇ ਗਲਵਾਨ ਵਰਗੇ ਟਕਰਾਅ ਨੂੰ ਟਾਲ਼ਿਆ ਜਾ ਸਕਦਾ ਹੈ।

1 ਅਕਤੂਬਰ ਨੂੰ ਭਾਰਤੀ ਫੌਜ ਮੁਖੀ ਉਪੇਂਦਰ ਦਿਵੇਦੀ ਨੇ ਕਿਹਾ ਸੀ ਕਿ ਚੀਨ ਨਾਲ ਭਾਰਤ ਦੀ ਸਥਿਤੀ ਸਥਿਰ ਹੈ, ਪਰ ਇਹ ਆਮ ਨਹੀਂ ਹੈ, ਇਹ ਕਾਫੀ ਸੰਵੇਦਨਸ਼ੀਲ ਹੈ। ਸਾਨੂੰ ਚੀਨ ਨਾਲ ਲੜਨਾ ਵੀ ਹੈ, ਸਹਿਯੋਗ ਕਰਨਾ ਹੈ, ਇਕੱਠੇ ਰਹਿਣਾ ਹੈ, ਮੁਕਾਬਲਾ ਕਰਨਾ ਹੈ ਅਤੇ ਚੁਣੌਤੀ ਵੀ ਦੇਣੀ ਹੈ। ਉਨ੍ਹਾਂ ਕਿਹਾ ਸੀ ਕਿ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀਆਂ 17 ਬੈਠਕਾਂ ਹੋ ਚੁੱਕੀਆਂ ਹਨ। ਅਸੀਂ ਇਨ੍ਹਾਂ ਮੀਟਿੰਗਾਂ ’ਚ ਕਈ ਮੁੱਦਿਆਂ ’ਤੇ ਚਰਚਾ ਕੀਤੀ ਹੈ।

ਗਲਵਾਨ ਘਾਟੀ ਦਾ ਟਕਰਾਅ

15 ਜੂਨ, 2020 ਨੂੰ ਚੀਨ ਨੇ ਅਭਿਆਸ ਦੇ ਬਹਾਨੇ ਪੂਰਬੀ ਲੱਦਾਖ ਦੇ ਸਰਹੱਦੀ ਖੇਤਰਾਂ ਵਿੱਚ ਫੌਜਾਂ ਦੀ ਤਾਇਨਾਤੀ ਕੀਤੀ ਸੀ। ਇਸ ਤੋਂ ਬਾਅਦ ਕਈ ਥਾਵਾਂ ’ਤੇ ਘੁਸਪੈਠ ਦੀਆਂ ਘਟਨਾਵਾਂ ਵਾਪਰੀਆਂ। ਭਾਰਤ ਸਰਕਾਰ ਨੇ ਵੀ ਇਸ ਖੇਤਰ ਵਿੱਚ ਚੀਨ ਦੇ ਬਰਾਬਰ ਫੌਜ ਤਾਇਨਾਤ ਕੀਤੀ ਸੀ। ਹਾਲਾਤ ਇੰਨੇ ਖ਼ਰਾਬ ਹੋ ਗਏ ਕਿ LAC ’ਤੇ ਗੋਲੀਆਂ ਚਲਾਈਆਂ ਗਈਆਂ।

ਇਸ ਦੌਰਾਨ 15 ਜੂਨ ਨੂੰ ਗਲਵਾਨ ਘਾਟੀ ’ਚ ਚੀਨੀ ਫੌਜ ਨਾਲ ਝੜਪ ’ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਬਾਅਦ ਵਿੱਚ ਭਾਰਤ ਨੇ ਵੀ ਇਸ ਦਾ ਢੁੱਕਵਾਂ ਜਵਾਬ ਦਿੱਤਾ। ਇਸ ਵਿੱਚ ਕਰੀਬ 60 ਚੀਨੀ ਸੈਨਿਕ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਸੀ।

Exit mobile version