ਦਿੱਲੀ : ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਚੀਨ ਨੂੰ ਪਛਾੜ ਕੇ ਭਾਰਤ ਸੰਸਾਰ ਦਾ ਨੰਬਰ ਵਨ ਮੁਲਕ ਬਣ ਗਿਆ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਭਾਰਤ 142.86 ਕਰੋੜ ਆਬਾਦੀ ਨਾਲ ਦੁਨੀਆ ਦਾ ਪਹਿਲਾ ਨੰਬਰ ਮੁਲਕ ਅਤੇ ਗੁਆਂਢੀ ਮੁਲਕ ਚੀਨ ਇਸ ਵੇਲੇ 142.57 ਕਰੋੜ ਦੀ ਆਬਾਦੀ ਨਾਲ ਦੂਜਾ ਸਭ ਤੋਂ ਸੰਘਣੀ ਵਸੋਂ ਵਾਲਾ ਮੁਲਕ ਹੈ।
ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਰਿਪੋਰਟ ਅਨੁਸਾਰ ਭਾਰਤ ਦੀ ਆਬਾਦੀ 142 ਕਰੋੜ 86 ਲੱਖ ਹੈ। ਦੂਜੇ ਪਾਸੇ ਚੀਨ ਦੀ ਆਬਾਦੀ ਸਾਡੇ ਨਾਲੋਂ 29 ਲੱਖ ਘੱਟ ਯਾਨੀ 142 ਕਰੋੜ 57 ਲੱਖ ਹੈ। ਦੇਸ਼ ਦੀ 142 ਕਰੋੜ ਆਬਾਦੀ ਵਿੱਚ ਨਵਜੰਮੇ ਬੱਚਿਆਂ ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਦੀ ਗਿਣਤੀ 25%, 15 ਤੋਂ 64 ਸਾਲ ਤੱਕ ਦੇ ਲੋਕਾਂ ਦੀ ਗਿਣਤੀ 68% ਹੈ, ਜਦੋਂ ਕਿ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਗਿਣਤੀ 7% ਹੈ।
ਦੁਨੀਆ ਭਰ ਵਿੱਚ 8 ਬਿਲੀਅਨ ਲੋਕ ਰਹਿੰਦੇ ਹਨ ਅਤੇ ਦੁਨੀਆ ਦੀ 17.6% ਆਬਾਦੀ ਭਾਰਤ ਵਿੱਚ ਰਹਿੰਦੀ ਹੈ। ਇਸ ਨਜ਼ਰੀਏ ਤੋਂ ਦੁਨੀਆ ਦਾ ਹਰ ਛੇਵਾਂ ਵਿਅਕਤੀ ਭਾਰਤੀ ਹੈ। ਸੰਯੁਕਤ ਰਾਸ਼ਟਰ 1950 ਤੋਂ ਦੁਨੀਆ ਵਿੱਚ ਆਬਾਦੀ ਦੇ ਅੰਕੜੇ ਜਾਰੀ ਕਰ ਰਿਹਾ ਹੈ। ਉਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਦੀ ਆਬਾਦੀ ਚੀਨ ਤੋਂ ਵੱਧ ਗਈ ਹੈ। ਸੰਯੁਕਤ ਰਾਸ਼ਟਰ ਨੇ ਪਿਛਲੇ ਸਾਲ ਅਨੁਮਾਨ ਲਗਾਇਆ ਸੀ ਕਿ ਅਗਲੇ ਸਾਲ ਤੱਕ ਭਾਰਤ ਆਬਾਦੀ ਦੇ ਮਾਮਲੇ ਵਿੱਚ ਚੀਨ ਨੂੰ ਪਿੱਛੇ ਛੱਡ ਜਾਵੇਗਾ।
ਭਾਰਤ ਵਿਚ ਹੁਣ ਚੀਨ ਨਾਲੋਂ 30 ਲੱਖ ਦੇ ਕਰੀਬ ਲੋਕ ਜ਼ਿਆਦਾ ਹਨ ਅਤੇ ਇਸ ਦੇਸ਼ ਦੀ ਆਬਾਦੀ 140 ਕਰੋੜ ਨੂੰ ਪਾਰ ਕਰ ਗਈ ਹੈ। ਚੀਨ ਵਿੱਚ ਜਨਮ ਦਰ ਵਿੱਚ ਕਮੀ ਆਈ ਹੈ ਅਤੇ ਇਹ ਇਸ ਸਾਲ ਮਨਫੀ ਵਿੱਚ ਦਰਜ ਕੀਤੀ ਗਈ ਸੀ। ਦਿ ਸਟੇਟ ਆਫ ਵਰਲਡ ਪਾਪੂਲੇਸ਼ਨ ਰਿਪੋਰਟ 2023, ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਹੁਣ 1 ਅਰਬ 42 ਕਰੋੜ 86 ਲੱਖ ਆਬਾਦੀ ਹੈ, ਜਦੋਂ ਕਿ ਚੀਨ ਦੀ ਆਬਾਦੀ 1 ਅਰਬ 42 ਕਰੋੜ 57 ਲੱਖ ਹੈ। ਦੋਵਾਂ ਵਿੱਚ 29 ਲੱਖ ਦਾ ਅੰਤਰ ਹੈ।
340 ਮਿਲੀਅਨ ਦੀ ਆਬਾਦੀ ਦੇ ਨਾਲ ਅਮਰੀਕਾ ਤੀਜੇ ਸਥਾਨ ‘ਤੇ ਹੋਵੇਗਾ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਅੰਦਾਜ਼ੇ ਫਰਵਰੀ 2023 ਤੱਕ ਦੇ ਅੰਕੜਿਆਂ ‘ਤੇ ਆਧਾਰਿਤ ਹਨ।
ਦੁਨੀਆ ‘ਚ ਆਬਾਦੀ ਦੇ ਮਾਮਲੇ ‘ਚ ਭਾਰਤ ਤੋਂ ਪਛੜਨ ‘ਤੇ ਚੀਨ ਨੇ ਕੀ ਕਿਹਾ?
ਸੰਯੁਕਤ ਰਾਸ਼ਟਰ ਦੀ ਇਸ ਰਿਪੋਰਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੇਨਬਿਨ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਕਿਸੇ ਦੇਸ਼ ਦੇ ਜਨਸੰਖਿਆ ਲਾਭਅੰਸ਼ ਦਾ ਮੁਲਾਂਕਣ ਕਰਦੇ ਸਮੇਂ ਸਾਨੂੰ ਸਿਰਫ ਆਬਾਦੀ ਦੇ ਆਕਾਰ ਨੂੰ ਹੀ ਨਹੀਂ ਦੇਖਣਾ ਚਾਹੀਦਾ, ਸਗੋਂ ਉਸ ਦੀ ਆਬਾਦੀ ਦੀ ਗੁਣਵੱਤਾ ‘ਤੇ ਵੀ ਧਿਆਨ ਦੇਣਾ ਹੁੰਦਾ ਹੈ।” ਉਸਨੇ ਕਿਹਾ, “ਆਕਾਰ ਮਾਇਨੇ ਰੱਖਦਾ ਹੈ, ਪਰ ਪ੍ਰਤਿਭਾ ਦੇ ਸਰੋਤ ਵਧੇਰੇ ਮਾਇਨੇ ਰੱਖਦੇ ਹਨ। ਚੀਨ ਦੀ 1.4 ਅਰਬ ਆਬਾਦੀ ਵਿੱਚ, ਕੰਮਕਾਜੀ ਉਮਰ ਦੇ ਲੋਕਾਂ ਦੀ ਗਿਣਤੀ 90 ਕਰੋੜ ਦੇ ਨੇੜੇ ਹੈ ਅਤੇ ਆਬਾਦੀ ਦਾ ਇਹ ਹਿੱਸਾ ਔਸਤਨ 10.5 ਸਾਲ ਤੱਕ ਪੜ੍ਹਾਈ ਕਰਨ ਵਾਲਾ ਹੈ।