'ਦ ਖ਼ਾਲਸ ਬਿਊਰੋ : ਰੂਸ ਅਤੇ ਯੂਕਰੇਨ ਵਿਚਾਲੇ ਤਣਾ ਅ ਲਗਾਤਾਰ ਵੱਧਦਾ ਜਾ ਰਿਹਾ ਹੈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਅਸਥਾਈ ਤੌਰ 'ਤੇ ਯੂਕਰੇਨ ਛੱਡਣ ਦੀ ਸਲਾਹ ਦਿੱਤੀ ਹੈ। ਕੀਵ ਸਥਿਤ ਭਾਰਤੀ ਦੂਤਾਵਾਸ ਨੇ ਵਿਸ਼ੇਸ਼ ਤੌਰ 'ਤੇ ਯੂਕਰੇਨ ਵਿੱਚ ਮੌਜੂਦ ਭਾਰਤੀ ਵਿਦਿਆਰਥੀਆਂ ਨੂੰ ਘਰ ਪਰਤਣ ਲਈ ਕਿਹਾ ਹੈ। ਇਹ ਸਲਾਹ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਤਣਾਅ ਦੇ ਯੁੱਧ ਵਿੱਚ ਬਦਲਣ ਦੀ ਸੰਭਾਵਨਾ ਦੇ ਕਾਰਨ ਦਿੱਤੀ ਗਈ ਹੈ। ਅਮਰੀਕਾ, ਬ੍ਰਿਟੇਨ, ਨਾਰਵੇ, ਜਾਪਾਨ, ਲਤਾਵੀਆ ਅਤੇ ਡੈਨਮਾਰਕ ਪਹਿਲਾਂ ਹੀ ਇਸ ਤਣਾਅ ਕਾਰਨ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਹਿ ਚੁੱਕੇ ਹਨ। ਭਾਰਤੀ ਦੂਤਘਰ ਨੇ ਯੂਕਰੇਨ ਵਿੱਚ ਮੌਜੂਦ ਭਾਰਤੀਆਂ ਨੂੰ ਯੂਕਰੇਨ ਛੱਡਣ ਲਈ ਇੱਕ ਸਲਾਹ ਪੱਤਰ ਭੇਜਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਯੂਕਰੇਨ ਵਿੱਚ ਮੌਜੂਦਾ ਅਨਿਸ਼ਚਿਤ ਮਾਹੌਲ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਖਾਸ ਕਰਕੇ ਵਿਦਿਆਰਥੀਆਂ ਨੂੰ ਯੂਕਰੇਨ ਛੱਡਣ ਅਤੇ ਅਸਥਾਈ ਤੌਰ 'ਤੇ ਘਰ ਪਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕਾਂ ਨੂੰ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਯੂਕਰੇਨ ਦੀ ਯਾਤਰਾ ਨਹੀਂ ਕਰਨੀ ਚਾਹੀਦੀ ਅਤੇ ਉੱਥੇ ਮੌਜੂਦ ਨਾਗਰਿਕਾਂ ਨੂੰ ਵੀ ਬੇਲੋੜੇ ਘਰਾਂ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਦੂਤਾਵਾਸ ਨੇ ਯੂਕਰੇਨ ਵਿੱਚ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੀ ਮੌਜੂਦਗੀ ਬਾਰੇ ਦੂਤਾਵਾਸ ਨੂੰ ਸੂਚਿਤ ਕਰਦੇ ਰਹਿਣ ਤਾਂ ਜੋ ਲੋੜ ਪੈਣ 'ਤੇ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।