ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਪੰਜਾਬ ਦੇ ਸਕੂਲਾਂ ਦੀ ਹਾਲਤ ਕੋਈ ਬਹੁਤੀ ਵਧੀਆ ਸਾਹਮਣੇ ਨਹੀਂ ਆਈ ਹੈ। ਤਾਜ਼ਾ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਕੁੱਲ 27 ਹਜ਼ਾਰ 701 ਸਕੂਲਾਂ ਵਿੱਚੋਂ 11 ਹਜ਼ਾਰ 272 ਸਕੂਲਾਂ ਵਿੱਚ ਤਾਂ ਇੰਟਰਨੈੱਟ ਦੀ ਸਹੂਲਤ ਹੀ ਨਹੀਂ ਹੈ।
ਸਾਲ 2021-22 ਲਈ ਕਰਵਾਏ ਗਏ ਸਰਵੇਖਣ ਵਿੱਚ ਸਰਕਾਰੀ, ਪ੍ਰਾਈਵੇਟ ਅਤੇ ਹੋਰ ਸਕੂਲਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੂਬੇ ਦੇ ਕੁੱਲ 16 ਹਜ਼ਾਰ 429 ਸਕੂਲਾਂ ਵਿੱਚ ਵਿਦਿਆਰਥੀ ਇੰਟਰਨੈੱਟ ਦੀ ਸਹੂਲਤ ਦੀ ਵਰਤੋਂ ਕਰ ਰਹੇ ਹਨ। ਸਫ਼ਾਈ ਅਤੇ ਵਿਦਿਆਰਥੀਆਂ ਦੀ ਸਹੂਲਤ ਦੀ ਗੱਲ ਕਰੀਏ ਤਾਂ 379 ਅਜਿਹੇ ਸਕੂਲ ਹਨ, ਜਿੱਥੇ ਵਿਦਿਆਰਥਣਾਂ ਲਈ ਪਖਾਨੇ ਨਹੀਂ ਹਨ।
• ਸਰਵੇਖਣ ਦੇ ਨਤੀਜਿਆਂ ਅਨੁਸਾਰ ਸੂਬੇ ਦੇ 27 ਹਜ਼ਾਰ 322 ਸਕੂਲਾਂ ਵਿੱਚ ਲੜਕੀਆਂ ਲਈ ਪਖਾਨੇ ਕਾਰਜਸ਼ੀਲ ਹਨ।
• 26 ਹਜ਼ਾਰ 819 ਸਕੂਲਾਂ ਵਿੱਚ ਲੜਕਿਆਂ ਲਈ ਪਖਾਨੇ ਕਾਰਜਸ਼ੀਲ ਹਨ।
• 27 ਹਜ਼ਾਰ 699 ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਦਿੱਤੀ ਜਾ ਰਹੀ ਹੈ।
• ਸਿਰਫ਼ ਦੋ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਨਹੀਂ ਮਿਲੀ।
• 27 ਹਜ਼ਾਰ 690 ਸਕੂਲਾਂ ਵਿੱਚ ਵਿਦਿਆਰਥੀਆਂ ਲਈ ਹੱਥ ਧੋਣ ਦੀ ਸਹੂਲਤ ਹੈ।
• ਮੀਂਹ ਦੇ ਪਾਣੀ ਦੀ ਸੰਭਾਲ ਵਾਲੇ ਖੇਤਰ ਵਿੱਚ ਸਕੂਲ ਬਹੁਤ ਪੱਛੜੇ ਹੋਏ ਹਨ।
• ਸੂਬੇ ਦੇ ਕੁੱਲ 27 ਹਜ਼ਾਰ 701 ਸਕੂਲਾਂ ਵਿੱਚ ਕੀਤੇ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਿਰਫ਼ 4 ਹਜ਼ਾਰ 571 ਸਕੂਲ ਹੀ ਰੇਨ ਵਾਟਰ ਹਾਰਵੈਸਟਿੰਗ ਕਰ ਰਹੇ ਹਨ।
• ਮੌਜੂਦਾ ਵਿੱਦਿਅਕ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਸਿਹਤ ਸੰਭਾਲ ਲਈ 16 ਹਜ਼ਾਰ 393 ਸਕੂਲਾਂ ਵਿੱਚ ਮੈਡੀਕਲ ਕੈਂਪ ਲਗਾਏ ਗਏ।
• ਇਸ ਤੋਂ ਇਲਾਵਾ 27 ਹਜ਼ਾਰ 577 ਸਕੂਲਾਂ ਵਿੱਚ ਲਾਇਬ੍ਰੇਰੀ ਦੀ ਸਹੂਲਤ ਉਪਲੱਬਧ ਹੈ।
• 1763 ਸਕੂਲਾਂ ਵਿੱਚ ਡਿਜੀਟਲ ਲਾਇਬ੍ਰੇਰੀ ਦੀ ਸਹੂਲਤ ਦਿੱਤੀ ਜਾ ਰਹੀ ਹੈ।
• 27 ਹਜ਼ਾਰ 20 ਸਕੂਲਾਂ ਦੇ ਆਪਣੇ ਖੇਡ ਮੈਦਾਨ ਹਨ।
• 23 ਹਜ਼ਾਰ 994 ਸਕੂਲਾਂ ਦਾ ਆਪਣਾ ਕਿਚਨ ਗਾਰਡਨ ਵੀ ਹੈ।
• 2 ਹਜ਼ਾਰ 489 ਸਕੂਲਾਂ ਵਿੱਚ ਸੋਲਰ ਪੈਨਲ ਵੀ ਲਗਾਏ ਜਾ ਰਹੇ ਹਨ।