ਇਨ੍ਹੀਂ ਦਿਨੀਂ ਫਲਾਈਟ ( flight ) ‘ਚ ਹੰਗਾਮਾ ਹੋਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਕਿਤੇ ਏਅਰਲਾਈਨ ਕੰਪਨੀ ਦੀ ਗੜਬੜੀ ਸਾਹਮਣੇ ਆਈ ਤਾਂ ਕਿਤੇ ਯਾਤਰੀਆਂ ਵੱਲੋਂ ਫਲਾਈਟ ‘ਚ ਹੰਗਾਮਾ ਅਤੇ ਲੜਾਈ-ਝਗੜੇ ਦੀਆਂ ਘਟਨਾਵਾਂ ਸੁਰਖੀਆਂ ‘ਚ ਰਹੀਆਂ।
ਇਸੇ ਕੜੀ ‘ਚ ਨਿਊਯਾਰਕ ਤੋਂ ਦਿੱਲੀ ਆ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ‘ਚ ਇਕ ਯਾਤਰੀ ਵੱਲੋਂ ਦੂਜੇ ਯਾਤਰੀ ‘ਤੇ ਪਿਸ਼ਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਨ ਏਅਰਲਾਈਨਜ਼ ਦੀ ਹੈ, ਉਸ ਸਮੇਂ ਇਹ ਫਲਾਈਟ ਨਿਊਯਾਰਕ ਤੋਂ ਦਿੱਲੀ ਆ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਕਥਿਤ ਤੌਰ ‘ਤੇ ਜਹਾਜ਼ AA292 ‘ਚ ਵਾਪਰੀ ਹੈ। ਇਸ ਫਲਾਈਟ ਨੇ ਸ਼ੁੱਕਰਵਾਰ ਰਾਤ 9.16 ਵਜੇ ਨਿਊਯਾਰਕ ਤੋਂ ਉਡਾਣ ਭਰੀ ਅਤੇ ਸ਼ਨੀਵਾਰ ਰਾਤ 10.12 ਵਜੇ ਦਿੱਲੀ ਹਵਾਈ ਅੱਡੇ ‘ਤੇ ਉਤਰੀ।
ਨਿਊਜ਼ ਏਜੰਸੀ ਏ.ਐਨ.ਆਈ ਦੇ ਅਨੁਸਾਰ ਫਲਾਈਟ ਦੌਰਾਨ ਹੀ ਨਸ਼ੇ ਦੀ ਹਾਲਤ ‘ਚ ਨੌਜਵਾਨ ਨੇ ਆਪਣੇ ਨਾਲ ਬੈਠੇ ਪੁਰਸ਼ ਯਾਤਰੀ ‘ਤੇ ਕਥਿਤ ਤੌਰ ‘ਤੇ ਪਿਸ਼ਾਬ ਕਰ ਦਿੱਤਾ। ਹਵਾਈ ਅੱਡੇ ਦੇ ਸੂਤਰਾਂ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ, “ਮੁਲਜ਼ਮ ਇਕ ਅਮਰੀਕੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਉਹ ਨਸ਼ੇ ਦੀ ਹਾਲਤ ਵਿਚ ਸੀ ਅਤੇ ਜਦੋਂ ਉਹ ਸੌਂ ਰਿਹਾ ਸੀ ਤਾਂ ਉਸ ਨੇ ਪਿਸ਼ਾਬ ਕਰ ਦਿੱਤਾ। ਇਸ ਦੌਰਾਨ ਕਿਸੇ ਤਰ੍ਹਾਂ ਪਿਸ਼ਾਬ ਲੀਕ ਹੋ ਕੇ ਸਾਥੀ ਯਾਤਰੀ ‘ਤੇ ਪੈ ਗਿਆ।
Passenger allegedly urinates on another passenger mid-flight on American Airlines Del-JFK flight
Got complaint about a passenger urinating on another from American Airlines.Accused identified-Arya Vohra, a student in US. Legal action being taken: DCP IGI airport
— ANI (@ANI) March 5, 2023
ਇਸ ਤੋਂ ਬਾਅਦ ਉਸ ਨੇ ਇਸ ਘਟਨਾ ਦੀ ਸ਼ਿਕਾਇਤ ਕਰੂ ਨੂੰ ਕੀਤੀ। ਸੂਤਰ ਨੇ ਦੱਸਿਆ ਕਿ ਵਿਦਿਆਰਥੀ ਵੱਲੋਂ ਮੁਆਫੀ ਮੰਗਣ ਤੋਂ ਬਾਅਦ ਯਾਤਰੀ ਨੇ ਉਸ ਖਿਲਾਫ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਇਸ ਕਾਰਨ ਉਸ ਦਾ ਕਰੀਅਰ ਖਰਾਬ ਹੋ ਸਕਦਾ ਹੈ।
ਹਾਲਾਂਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏਅਰਲਾਈਨਜ਼ ਨੇ ਆਈਜੀਆਈ ਏਅਰਪੋਰਟ ‘ਤੇ ਏਅਰ ਟ੍ਰੈਫਿਕ ਕੰਟਰੋਲ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਏਟੀਸੀ ਨੇ ਸੀਆਈਐਸਐਫ ਦੇ ਜਵਾਨਾਂ ਨੂੰ ਸੁਚੇਤ ਕੀਤਾ ਅਤੇ ਜਿਵੇਂ ਹੀ ਫਲਾਈਟ ਲੈਂਡ ਕੀਤੀ, ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਪੁਲਿਸ ਨੇ ਯਾਤਰੀ ਤੋਂ ਘਟਨਾ ਨਾਲ ਸਬੰਧਤ ਬਿਆਨ ਦਰਜ ਕੀਤੇ। ਦੱਸ ਦਈਏ ਕਿ ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ-ਦਿੱਲੀ ਏਅਰ ਇੰਡੀਆ ਦੀ ਫਲਾਈਟ ਵਿੱਚ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ। ਉਦੋਂ ਸ਼ੰਕਰ ਮਿਸ਼ਰਾ ਨਾਂ ਦੇ ਨੌਜਵਾਨ ਨੇ ਨਸ਼ੇ ਦੀ ਹਾਲਤ ‘ਚ ਆਪਣੀ ਮਹਿਲਾ ਸਹਿ-ਯਾਤਰੀ ‘ਤੇ ਕਥਿਤ ਤੌਰ ਉਤੇ ਪਿਸ਼ਾਬ ਕਰ ਦਿੱਤਾ ਸੀ।