ਪਾਕਿਸਤਾਨ (Pakistan) ਦੇ ਸਿਆਲਕੋਟ (Sialkot) ਵਿੱਚ ਇਕ ਇਤਹਾਸਿਕ ਗੁਰਦੁਆਰੇ ਬਾਬਾ ਦੀ ਬੇਰੀ (Baba Di Beri) ਦੀ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਹੈ। ਬਾਬਾ ਦੀ ਬੇਰੀ ਗੁਰਦੁਆਰੇ ਦੇ ਨਾਲ ਲਗਦੇ ਛੱਪੜ ਅਤੇ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਕਬਜ਼ ਮੁਕਤ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਇਹ ਜ਼ਮੀਨ 1947 ਤੋਂ ਬਾਅਦ ਹੀ ਇਕ ਹਿਜੜੇ ਪਰਿਵਾਰ ਵੱਲੋਂ ਆਪਣੇ ਅਧਿਕਾਰ ਵਿੱਚ ਲੈ ਲਈ ਗਈ ਸੀ। ਇਹ ਪਰਿਵਾਰ ਕਾਫੀ ਪ੍ਰਭਾਵਸ਼ਾਲੀ ਦੱਸਿਆ ਜਾ ਰਿਹਾ ਹੈ। ਕਬਜ਼ਾ ਕੀਤੀ ਜ਼ਮੀਨ ਅਤੇ ਛੱਪੜ ਨੂੰ ਛੁਡਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਨਗਰ ਪਾਲਿਕਾ, ਮਾਲ ਵਿਭਾਗ ਅਤੇ ਪੁਲਿਸ ਨੂੰ ਸਾਂਝੀ ਮੁਹਿੰਮ ਚਲਾਉਣੀ ਪਈ।
ਜਾਣਕਾਰੀ ਮੁਤਾਬਕ ਇਸ ਪਰਿਵਾਰ ਨੇ ਇਸ ਜ਼ਮੀਨ ਉੱਤੇ ਪਸ਼ੂ ਫਾਰਮ ਅਤੇ ਦੁਕਾਨਾਂ ਤੱਕ ਬਣਾ ਰੱਖੀਆਂ ਸਨ। ਇਸ ਦੇ ਨਾਲ ਹੀ ਇਕ ਸਿਆਸੀ ਪਾਰਟੀ ਨੇ ਆਪਣਾ ਦਫਤਰ ਵੀ ਬਣਾਇਆ ਹੋਇਆ ਸੀ। ਇਸ ਤੋਂ ਇਲਾਵਾ ਕਈ ਸਥਾਨਕ ਲੋਕਾਂ ਨੇ ਆਪਣੇ ਘਰ ਵੀ ਬਣਾਏ ਹੋਏ ਸਨ। ਚਲਾਈ ਇਸ ਮੁਹਿੰਮ ਵਿੱਚ ਪ੍ਰਸ਼ਾਸਨ ਨੇ ਦੁਕਾਨਾਂ, ਪਸ਼ੂ ਪਾਲਕਾਂ ਲਈ ਬਣਾਏ ਸ਼ੈਡਾਂ ਸਮੇਤ ਸਿਆਸੀ ਪਾਰਟੀ ਦੇ ਦਫਤਰ ਨੂੰ ਢਾਹ ਦਿੱਤਾ ਗਿਆ ਹੈ। ਇਸ ਸਬੰਧੀ ਪ੍ਰਸ਼ਾਸਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਦੁਆਰੇ ਦੀ 8 ਕਨਾਲਾਂ ਅਤੇ ਹੋਰ ਗੁਰਦੁਆਰੇ ਦੇ ਨਾਲ ਲਗਦੀ 18 ਮਰਲੇ ਜ਼ਮੀਨ ਉੱਤੇ ਕੀਤੇ ਨਜਾਇਜ਼ ਕਬਜੇ ਨੂੰ ਛੁਡਵਾ ਲਿਆ ਗਿਆ ਹੈ। ਪ੍ਰਸ਼ਾਸਨ ਦੇ ਬੁਲਾਰੇ ਸਈਅਦ ਵਕਾਰ ਜਾਵੇਦ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਘਰ ਦੀ ਮੌਜੂਦਾ ਇਮਾਰਤ ਅਤੇ ਛੱਪੜ ਦਾ ਨਿਰਮਾਣ ਕਰਵਾਇਆ ਸੀ।ਇਸ ਨੂੰ ਹੁਣ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ – ਇਟਲੀ ‘ਚ 33 ਭਾਰਤੀ ਬੰਧਕ ਰਿਹਾਅ: ਖੇਤਾਂ ‘ਚ ਕੰਮ ਕਰਨ ਲਈ ਮਜਬੂਰ, ਜ਼ਿਆਦਾਤਰ ਪੰਜਾਬ ਦੇ ਰਹਿਣ ਵਾਲੇ