The Khalas Tv Blog Punjab NCRB ਦੀ ਰਿਪੋਰਟ ਵਿੱਚ ਹੋਇਆ ਵੱਡਾ ਖ਼ੁਲਾਸਾ, ਅੰਕੜੇ ਜਾਣ ਕੇ ਹੋ ਜਾਵੋਗੇ ਹੈਰਾਨ…
Punjab

NCRB ਦੀ ਰਿਪੋਰਟ ਵਿੱਚ ਹੋਇਆ ਵੱਡਾ ਖ਼ੁਲਾਸਾ, ਅੰਕੜੇ ਜਾਣ ਕੇ ਹੋ ਜਾਵੋਗੇ ਹੈਰਾਨ…

ਚੰਡੀਗੜ੍ਹ : ਪੰਜਾਬ ਵਿਚ 2021 ਅਤੇ 2022 ਵਿਚ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਜ਼ਖਮੀਆਂ ਦੀ ਗਿਣਤੀ ਤੋਂ ਵੱਧ ਸੀ। ਇਹ ਜਾਣਕਾਰੀ NCRB ਦੀ ਤਾਜ਼ਾ ਰਿਪੋਰਟ ਵਿਚ ਦਿੱਤੀ ਗਈ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜੇ ਦਰਸਾਉਂਦੇ ਹਨ ਕਿ ਗੁਆਂਢੀ ਰਾਜ ਹਰਿਆਣਾ ਵਿਚ ਵੀ ਸੜਕ ਹਾਦਸਿਆਂ ਵਿਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਮਰਨ ਵਾਲਿਆਂ ਤੋਂ ਵੱਧ ਹੈ।

ਪੰਜਾਬ ਪੁਲਿਸ ਵੱਲੋਂ ਸੜਕ ਹਾਦਸਿਆਂ ’ਤੇ ਨੱਥ ਪਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਨੈਸ਼ਨਲ ਕ੍ਰਾਈਮ ਰਿਪੋਰਟ ਬਿਊਰੋ (ਐੱਨਸੀਆਰਬੀ) ਵੱਲੋਂ ਸਾਲ 2022 ਦੀ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਸਾਲ 2021 ਅਤੇ 2022 ਵਿੱਚ ਪੰਜਾਬ ਵਿੱਚ ਵਾਪਰੇ ਸੜਕ ਹਾਦਸਿਆਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਜ਼ਖ਼ਮੀਆਂ ਨਾਲੋਂ ਕੀਤੇ ਵੱਧ ਦਰਜ ਕੀਤੀ ਗਈ ਹੈ।

ਰਿਪੋਰਟ ਅਨੁਸਾਰ ਪੰਜਾਬ ਵਿੱਚ ਸਾਲ 2021 ਵਿੱਚ 6,097 ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿੱਚ 4,688 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 3,372 ਵਿਅਕਤੀ ਜ਼ਖ਼ਮੀ ਹੋਏ। ਇਸੇ ਤਰ੍ਹਾਂ 2022 ’ਚ ਸੜਕ ਹਾਦਸਿਆਂ ਦੀ ਗਿਣਤੀ 6,122 ਦਰਜ ਕੀਤੀ ਗਈ, ਜਿਨ੍ਹਾਂ ਵਿੱਚ 4,516 ਮੌਤਾਂ ਹੋਈਆਂ ਅਤੇ 3,034 ਜਣੇ ਜ਼ਖ਼ਮੀ ਹੋਏ। ਐੱਨਸੀਆਰਬੀ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਸਾਲ 2022 ਦੇ ਸੜਕ ਹਾਦਸਿਆਂ ਦੌਰਾਨ ਮਰਨ ਵਾਲਿਆਂ ਵਿੱਚੋਂ 2,099 ਵਿਅਕਤੀ ਅਤੇ ਜ਼ਖ਼ਮੀ ਹੋਣ ਵਾਲਿਆਂ ਵਿੱਚੋਂ 1,663 ਲੋਕ ਦੋ-ਪਹੀਆ ਵਾਹਨਾਂ ’ਤੇ ਸਵਾਰ ਸਨ। ਇਸ ਦੇ ਨਾਲ ਹੀ 215 ਸਾਈਕਲ ਸਵਾਰਾਂ ਦੀ ਮੌਤ ਹੋਈ ਤੇ 112 ਵਿਅਕਤੀ ਜ਼ਖ਼ਮੀ ਹੋਏ। ਸਾਲ 2022 ’ਚ ਵਾਪਰੇ ਸੜਕ ਹਾਦਸਿਆਂ ’ਚ 609 ਪੈਦਲ ਜਾ ਰਾਹਗੀਰਾਂ ਦੀ ਮੌਤ ਹੋਈ, ਜਦਕਿ 241 ਜਣੇ ਜ਼ਖ਼ਮੀ ਹੋਏ।
ਇਸ ਰਿਪੋਰਟ ਵਿੱਚ ਹਾਦਸਿਆਂ ਦਾ ਮੁੱਖ ਕਾਰਨ ਆਵਾਜਾਈ ਦਾ ਸਹੀ ਢੰਗ ਨਾਲ ਪ੍ਰਵਾਹ ਨਾ ਹੋਣਾ ਜਾਂ ਹੋਰਨਾਂ ਰੁਕਾਵਟਾਂ ਨੂੰ ਦੱਸਿਆ ਗਿਆ ਹੈ।

ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੜਕ ਹਾਦਸਿਆਂ ’ਤੇ ਨੱਥ ਪਾਉਣ ਲਈ ਵਿਸ਼ੇਸ਼ ਫੋਰਸ ਦਾ ਗਠਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਸੜਕ ਹਾਦਸਿਆਂ ਦੌਰਾਨ ਲੋਕਾਂ ਨੂੰ ਤੁਰੰਤ ਸਿਹਤ ਸਹੂਲਤ ਮੁਹੱਈਆ ਕਰਵਾਉਣ ਲਈ ‘ਫਰਿਸ਼ਤੇ’ ਸਕੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸਕੀਮ ਤਹਿਤ ਸੜਕ ਹਾਦਸੇ ਦੌਰਾਨ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਪਹੁੰਚਾਉਣ ਵਾਲਿਆਂ ਨੂੰ ਸੂਬਾ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ।

ਰਿਪੋਰਟ ਅਨੁਸਾਰ ਹਰਿਆਣਾ ਵਿੱਚ ਹਾਦਸਿਆਂ ਦੀ ਦਰ ਪੰਜਾਬ ਨਾਲੋਂ ਵੱਧ ਹੈ। ਹਰਿਆਣਾ ਵਿੱਚ ਸਾਲ 2021 ਵਿੱਚ 10,049 ਸੜਕ ਦੁਰਘਟਨਾਵਾਂ ਦਰਜ ਕੀਤੀਆਂ ਗਈਆਂ, ਜਦਕਿ 2022 ਵਿੱਚ ਇਹ ਅੰਕੜਾ 10,654 ਹੋ ਗਿਆ। ਹਰਿਆਣਾ ਵਿੱਚ ਸਾਲ 2021 ਦੌਰਾਨ ਸੜਕ ਹਾਦਸਿਆਂ ਵਿੱਚ 4,983 ਲੋਕਾਂ ਦੀ ਮੌਤ ਹੋਈ ਤੇ 7972 ਜਣੇ ਜ਼ਖ਼ਮੀ ਹੋਏ ਸਨ। ਇਸੇ ਤਰ੍ਹਾਂ 2022 ਵਿੱਚ 5,228 ਮੌਤਾਂ ਹੋਈਆਂ ਤੇ 8,353 ਲੋਕ ਜ਼ਖ਼ਮੀ ਹੋਏ।

Exit mobile version