ਬਿਉਰੋ ਰਿਪੋਰਟ – ਮੋਗਾ ਵਿੱਚ ਹੈਵਾਨੀਅਤ ਵਾਲੀ ਖ਼ਬਰ ਸਾਹਮਣੇ ਆਈ ਹੈ। ਪਿੰਡ ਸਮਾਧ ਭਾਈ ਦੇ ਰਹਿਣ ਵਾਲੇ 19 ਸਾਲ ਦੇ ਨੌਜਵਾਨ ‘ਤੇ ਪੈਟਰੋਲ ਪਾਕੇ ਪਿੰਡ ਦੇ ਲੋਕਾਂ ਨੇ ਅੱਗ ਲੱਗਾ ਦਿੱਤੀ, ਜਿਸ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਜਖ਼ਮੀ ਹੋਇਆ ਹੈ। ਜਖ਼ਮੀ ਦੀ ਪਛਾਣ ਗੁਰਵਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਪੁਰਾਣੀ ਰੰਜਿਸ਼ ਦੇ ਚੱਲਦੇ ਅੰਜਾਮ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਖ਼ਮੀ ਦੀ ਮਾਂ ਨੇ ਇਨਸਾਫ ਦੀ ਮੰਗ ਕੀਤੀ
ਜਖਮੀ ਗੁਰਵਿੰਦਰ ਸਿੰਘ ਦੀ ਮਾਂ ਕੁਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਡੇਅਰੀ ਵਿੱਚ ਦੁੱਧ ਲੈਣ ਗਿਆ ਸੀ। ਪਿੰਡ ਦੇ ਰਹਿਣ ਵਾਲੇ ਲਾਡੀ ਅਤੇ ਉਸ ਦੇ ਸਾਥੀ ਨੇ ਮੇਰੇ ਪੁੱਤਰ ‘ਤੇ ਪੈਟਰੋਲ ਪਾਕੇ ਉਸ ਨੂੰ ਅੱਗ ਲਗਾ ਦਿੱਤੀ। ਜਿਸ ਨਾਲ ਗੰਭੀਰ ਤੌਰ ‘ਤੇ ਉਹ ਜ਼ਖਮੀ ਹੋ ਗਿਆ। ਗੁਰਵਿੰਦਰ ਨੂੰ ਬਾਘਾ ਪੁਰਾਣਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸ ਦੇ ਹੋਏ ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ,ਪੀੜਤ ਦੀ ਮਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ।
ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ
ਜਾਂਚ ਅਧਿਕਾਰੀ ਨੇ ਕਿਹਾ ਕਿ ਸਾਨੂੰ ਜਖ਼ਮੀ ਗੁਰਵਿੰਦਰ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪੁੱਤਰ ਨੂੰ ਪਿੰਡ ਦੇ ਲੋਕਾਂ ਨੇ ਪੈਟਰੋਲ ਪਾਕੇ ਅੱਗ ਲੱਗਾ ਦਿੱਤੀ। ਅਸੀਂ ਗੁਰਵਿੰਦਰ ਦੀ ਮਾਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਮੁਲਜ਼ਮਾਂ ਦੀ ਤਲਾਸ਼ ਵਿੱਚ ਜੁੱਟੀ ਹੈ।