ਲੁਧਿਆਣਾ ਜਿਲ੍ਹੇ ਤੋਂ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਨੇ ਆਪਣੀ ਹੀ ਭੈਣ ‘ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਲੁਧਿਆਣਾ ਜ਼ਿਲ੍ਹੇ ਦੇ ਪੰਜਪੀਰ ਰੋਡ ਸਥਿਤ ਕਾਰਪੋਰੇਸ਼ਨ ਕਲੋਨੀ ਵਿੱਚ ਦੇਰ ਰਾਤ ਇੱਕ ਬਾਈਕ ਸਵਾਰ ਨੌਜਵਾਨ ਨੇ ਆਪਣੀ ਭੈਣ ਤੇ ਉਸ ਦੇ ਪਤੀ ਉੱਤੇ ਗੋਲੀਆਂ ਚਲਾ ਦਿੱਤੀਆਂ। ਫਾਇਰੰਗ ਤੋਂ ਬਚਣ ਲਈ ਪਤੀ-ਪਤਨੀ ਇਧਰ-ਉਧਰ ਭੱਜੇ। ਇਸ ਵਿੱਚ ਨਵ-ਵਿਆਹੀ ਔਰਤ ਨੂੰ ਤਿੰਨ ਤੋਂ ਚਾਰ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਦੇ ਨਾਲ ਹੀ ਉਸ ਦੇ ਪਤੀ ਰਵੀ ਨੂੰ ਦੋ ਗੋਲੀਆਂ ਲੱਗੀਆਂ, ਜੋ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਹੈ। ਫਾਇਰਿੰਗ ਕਰਨ ਵਾਲੇ ਨੌਜਵਾਨ ਨੇ ਮੂੰਹ ਢੱਕਿਆ ਹੋਇਆ ਸੀ ਤੇ ਹੈਲਮੇਟ ਪਾਇਆ ਹੋਇਆ ਸੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਇਲਾਕੇ ‘ਚ ਦਹਿਸ਼ਤ ਫੈਲ ਗਈ। ਲੋਕਾਂ ਮੁਤਾਬਕ ਬਾਈਕ ਸਵਾਰ ਨੇ ਰਵੀ ਦੇ ਘਰ ਦੀ ਛੱਤ ‘ਤੇ ਚੜ੍ਹ ਕੇ ਵੀ ਗੋਲੀਆਂ ਚਲਾਈਆਂ। ਗੋਲੀਆਂ ਦੇ ਨਿਸ਼ਾਨ ਵੀ ਮੌਜੂਦ ਹਨ।
ਭੈਣ ‘ਤੇ ਗੋਲੀਆਂ ਚਲਾਉਣ ਵਾਲੇ ਨੌਜਵਾਨ ਦੀ ਪਛਾਣ ਸੂਰਜ ਵਜੋਂ ਹੋਈ ਹੈ। ਉਹ ਪ੍ਰਤਾਪ ਸਿੰਘ ਵਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਦੋਸ਼ੀ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਮੁਤਾਬਕ ਸੂਰਜ ਖੁਦ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਥਾਣੇ ਗਿਆ ਸੀ।
ਸੂਰਜ ਦੇ ਕੁਝ ਦੋਸਤਾਂ ਨੇ ਦੱਸਿਆ ਕਿ ਰਵੀ ਬਚਪਨ ਤੋਂ ਹੀ ਸੂਰਜ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਰਵੀ ਨੇ ਸੂਰਜ ਦੀ ਭੈਣ ਨਾਲ ਵਿਆਹ ਕਰਵਾ ਲਿਆ। ਇਸੇ ਗੱਲ ਤੋਂ ਰੰਜਿਸ਼ ਰੱਖਦੇ ਹੋਏ ਸੂਰਜ ਨੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਥਾਣਾ ਪੀਏਯੂ ਮਾਮਲੇ ਦੀ ਜਾਂਚ ਕਰ ਰਹੀ ਹੈ।