ਜਲੰਧਰ : ਪੰਜਾਬ ਵਿੱਚ ਦਿਨੋਂ-ਦਿਨ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹਾ ਇੱਕ ਮਾਮਲਾ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਸੋਢਲ ਇੰਡਸਟ੍ਰੀਅਲ ਏਰੀਆ ਵਿਚ ਦੇਰ ਰਾਤ ਲੁਟੇਰੇ ਫਲਿਪਕਾਰਟ ਕੰਪਨੀ ਦੇ ਗੋਦਾਮ ਤੋਂ 3.50 ਲੱਖ ਰੁਪਏ ਕੈਸ਼ ਲੁੱਟ ਕੇ ਲੈ ਗਏ। ਲੁਟੇਰੇ ਗੋਦਾਮ ਵਿਚ ਕੰਮ ਕਰਨ ਵਾਲੇ ਵਰਕਰਾਂ ਦੇ 6 ਮੋਬਾਈਲ ਫੋਨ ਤੇ ਪਰਸ ਵੀ ਲੈ ਗਏ। ਗੋਦਾਮ ਦੇ ਮੁਲਾਜ਼ਮਾਂ ਨੇ ਦੱਸਿਆ ਕਿ 4 ਨਕਾਬਪੋਸ਼ ਹਥਿਆਰਬੰਦ ਲੁਟੇਰੇ ਬਾਈਕਾਂ ‘ਤੇ ਸਵਾਰ ਹੋ ਕੇ ਆਏ ਸਨ। 3 ਨੇ ਗੋਦਾਮ ਵਿਚ ਵਾਰਦਾਤ ਕੀਤੀ ਜਦੋਂ ਕਿ ਇਕ ਬਾਹਰ ਪਹਿਰੇਦਾਰੀ ਕਰ ਰਿਹਾ ਸੀ।
ਮੁਲਾਜ਼ਮਾਂ ਨੇ ਦੱਸਿਆ ਕਿ ਨਕਾਬਪੋਸ਼ ਲੁਟੇਰਿਆਂ ਵਿਚੋਂ ਇਕ ਨੇ ਪਿਸਤੌਲ ਕੱਢੀ ਤੇ ਗੋਦਾਮ ਦੇ ਮੈਨੇਜਰ ਦੇ ਸਿਰ ‘ਤੇ ਤਾਣ ਦਿੱਤੀ। ਉਸ ਨੇ ਕਿਹਾ ਕਿ ਦੱਸੋ ਕੈਸ਼ ਕਿਥੇ ਹੈ। ਜਦੋਂ ਮੈਨੇਜਰ ਨੇ ਨਾਂਹ ਨੁੱਕਰ ਕੀਤੀ ਤਾਂ ਉਸ ਦਾ ਸਿਰ ਦੀਵਾਰ ਵਿਚ ਮਾਰਿਆ। ਇਸ ਦੇ ਬਾਅਦ ਮੁਲਾਜ਼ਮਾਂ ਨੂੰ ਲਾਈਨ ਵਿਚ ਲਗਾ ਕੇ ਫਿਲਮੀ ਸਟਾਈਲ ਵਿਚ ਉਨ੍ਹਾਂ ਦੇ ਮੋਬਾਈਲ ਤੇ ਪਰਸ ਆਪਣੇ ਕਬਜ਼ੇ ਵਿਚ ਲੈ ਲਏ।
ਮੁਲਾਜ਼ਮ ਨੇ ਦੱਸਿਆ ਕਿ ਜਿਸ ਲੁਟੇਰੇ ਨੇ ਪਿਸਤੌਲ ਕੱਢ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ ਸੀ ਉਸ ਦੀ ਬਾਂਹ ‘ਤੇ ਵੱਡਾ ਟੈਟੂ ਬਣਿਆ ਹੋਇਆ ਸੀ। ਹਾਲਾਂਕਿ ਲੁਟੇਰਿਆਂ ਨੇ ਕੋਈ ਗੋਲੀ ਨਹੀਂ ਚਲਾਈ ਸਗੋਂ ਸਾਰਿਆਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਮੁਲਾਜ਼ਮ ਅਭਿਸ਼ੇਕ ਨੇ ਦੱਸਿਆ ਕਿ ਲੁਟੇਰੇ ਕੋਲ ਸਿਕਸਰ ਪਿਸਤੌਲ ਸੀ। ਲੁੱਟ ਦੇ ਬਾਅਦ ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਨਿਕਲ ਗਏ।
ਲੁਟੇਰਿਆਂ ਨੇ ਲੁੱਟ ਦੇ ਬਾਅਦ ਗੋਦਾਮ ਵਿਚ ਕੋਈ ਸਬੂਤ ਨਹੀਂ ਛੱਡਿਆ। ਲੁਟੇਰੇ ਜਾਂਦੇ-ਜਾਂਦੇ ਗੋਦਾਮ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਉਖਾੜ ਕੇ ਨਾਲ ਲੈ ਗਏ। ਖਦਸ਼ਾ ਹੈ ਕਿ ਲੁਟੇਰਿਆਂ ਨੇ ਪੂਰੀ ਰੇਕੀ ਦੇ ਬਾਅਦ ਲੁੱਟ ਨੂੰ ਅੰਜਾਮ ਦਿੱਤਾ ਹੈ।
ਏਸੀਪੀ ਨਾਰਥ ਦਮਨਵੀਰ ਸਿੰਘ ਨੇ ਕਿਹਾ ਕਿ ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿਚ ਲੈ ਰਹੀ ਹੈ। ਲੁਟੇਰਿਆਂ ਨੂੰ ਫੜਨ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸੀਸੀਟੀਵੀ ਫੁਟੇਜ ਨੂੰ ਖੰਗਾਲਣ ਦੇ ਬਾਅਦ ਲੁਟੇਰਿਆਂ ਦੇ ਆਉਣ-ਜਾਣ ਦਾ ਰੂਟ ਦੇਖ ਕੇ ਉਨ੍ਹਾਂ ਦੀ ਭਾਲ ਕੀਤੀ ਜਾਵੇਗੀ। ਗੋਦਾਮ ਦੇ ਮੁਲਾਜ਼ਮਾਂ ਨੂੰ ਵੀ ਪੁੱਛਗਿਛ ਵਿਚ ਸ਼ਾਮਲ ਕੀਤਾ ਜਾਵੇਗਾ।
ਅੱਜ ਦੀ ਨੌਜਵਾਨ ਪੀੜ੍ਹੀ ਕੰਮ ਕਰਨ ਦੀ ਬਜਾਏ ਚੋਰੀਆਂ ਕਰਨ ਵਿੱਚ ਜ਼ਿਆਦਾ ਆਕਰਸ਼ਿਤ ਹੁੰਦੀ ਵਿਖਾਈ ਦੇ ਰਹੀ ਹੈ। ਇਨ੍ਹਾਂ ਚੋਰਾਂ ਦੇ ਹੌਂਸਲੇ ਐਨੇ ਬੁਲੰਦ ਹੋ ਗਏ ਹਨ ਕਿ ਕਈ ਵਾਰ ਦਿਨ ਦਿਹਾੜੇ ਹੀ ਲੁੱਟਾ ਖੋਹਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ।