ਗੁਰਦਾਸਪੁਰ : ਫੇਰੀ ਲਗਾ ਕੇ ਪਰਿਵਾਰ ਪਾਲਣ ਵਾਲੇ ਦੇ ਬੇਟੇ ਦੇ ਵਿਗਿਆਨੀ ਬਣਨ ਕਾਰਨ ਅੱਜ ਇਲਾਕੇ ਵਿੱਚ ਵਾਹ ਵਾਹ ਹੋ ਰਹੀ ਹੈ। ਹੁਣ ਪਿੰਡ ਹੱਲਾ ਦੇ ਮਹਿੰਦਰ ਪਾਲ ਦੇ ਪੁੱਤਰ ਪਵਨ ਕੁਮਾਰ ਦੀ ਸਾਧਾਰਨ ਪਰਿਵਾਰ ਨਾਲ ਸਬੰਧਤ ਨੌਜਵਾਨ ਨੂੰ ਲੋਕ ਹੁਣ ਡਾਕਟਰ ਪਵਨ ਕੁਮਾਰ ਦੇ ਨਾਂ ਨਾਲ ਜਾਣਦੇ ਹਨ। ਆਪਣੀ ਮੁੱਢਲੀ ਸਿੱਖਿਆ ਸਥਾਨਕ ਸਰਕਾਰੀ ਸਕੂਲ ਤੋਂ ਪ੍ਰਾਪਤ ਕਰਨ ਤੋਂ ਬਾਅਦ ਉਸ ਨੇ ਸਰਕਾਰੀ ਕਾਲਜ ਗੁਰਦਾਸਪੁਰ ਤੋਂ ਬੀਐੱਸਸੀ ਨਾਨ-ਮੈਡੀਕਲ ਦੀ ਪੜ੍ਹਾਈ ਕੀਤੀ।
ਇਸ ਤੋਂ ਬਾਅਦ ਨੈਨੋ ਟੈਕਨਾਲੋਜੀ ’ਚ ਐੱਮਐੱਸਸੀ ਕਰਨ ਤੋਂ ਬਾਅਦ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ। ਵੱਖ-ਵੱਖ ਦੇਸ਼ਾਂ ’ਚ ਖੋਜ ਕਾਰਜ ਕਰਨ ਤੋਂ ਬਾਅਦ ਹੁਣ ਉਹ ਯੂਰਪੀ ਦੇਸ਼ ਆਇਰਲੈਂਡ ਦੀ ਇਕ ਕੰਪਨੀ ’ਚ ਵੱਖ-ਵੱਖ ਦੇਸ਼ਾਂ ਦੇ ਵਿਗਿਆਨੀਆਂ ਨਾਲ ਕੰਮ ਕਰ ਰਿਹਾ ਹੈ।
ਪਰਿਵਾਰ ਕੋਲ ਪੈਸੇ ਨਹੀਂ ਸਨ :
ਫੇਰੀ ਲਗਾ ਕੇ ਪਰਿਵਾਰ ਪਾਲਣ ਵਾਲੇ ਪਵਨ ਦੇ ਪਿਤਾ ਮਹਿੰਦਰ ਪਾਲ ਨੇ ਦੱਸਿਆ ਕਿ ਪਵਨ ਨੇ ਆਪਣੀ ਮਿਹਨਤ ਨਾਲ ਬੀਐੱਸਸੀ ਪੂਰੀ ਕੀਤੀ ਪਰ ਉਨ੍ਹਾਂ ਕੋਲ ਉਸ ਨੂੰ ਅਗੇ ਪੜ੍ਹਾਉਣ ਲਈ ਪੈਸੇ ਨਹੀਂ ਸਨ। ਫਿਰ ਉਹ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੌਜੂਦਾ ਚੇਅਰਮੈਨ ਰਮਨ ਬਹਿਲ ਦੇ ਸੰਪਰਕ ’ਚ ਆਏ। ਉਨ੍ਹਾਂ ਦੀ ਮਦਦ ਨਾਲ ਉਸਨੇ ਆਪਣੀ ਐੱਮਐੱਸਸੀ ਪੂਰੀ ਕੀਤੀ।
ਚੰਗੇ ਅੰਕਾਂ ਕਾਰਨ ਉਸ ਨੂੰ ਵਜ਼ੀਫ਼ਾ ਮਿਲ ਗਿਆ ਤੇ ਫਿਰ ਉਸ ਨੇ ਆਪਣੇ ਦਮ ’ਤੇ ਪੀਐੱਚਡੀ ਕਰ ਲਈ। ਪਵਨ ਆਪਣੇ ਪਰਿਵਾਰ ’ਚ ਇਕਲੌਤਾ ਵਿਅਕਤੀ ਨੇ ਜਿਸ ਨੇ ਇੰਨੀ ਪੜ੍ਹਾਈ ਕੀਤੀ ਹੈ ਜਿਸ ’ਤੇ ਪੂਰੇ ਜ਼ਿਲ੍ਹੇ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਦੀ ਕੋਸ਼ਿਸ਼ ਕਰੇ ਤਾਂ ਜੋ ਉਹ ਵੀ ਜ਼ਿਲ੍ਹੇ ਦਾ ਨਾਂ ਰੋਸ਼ਨ ਕਰ ਸਕਣ।
ਪਵਨ ਨੇ ਦੱਸਿਆ ਕਿ ਉਸ ਨੇ ਰਮਨ ਬਹਿਲ, ਪ੍ਰੋਫੈਸਰ ਐੱਸਕੇ ਖੰਨਾ ਤੇ ਡਾ. ਸੁਰਿੰਦਰ ਕੌਰ ਪੰਨੂ ਦੀ ਮਦਦ ਨਾਲ ਐੱਮਐੱਸਸੀ ਤੱਕ ਦੀ ਪੜ੍ਹਾਈ ਕੀਤੀ ਹੈ। ਪੀਐੱਚਡੀ ਪੂਰੀ ਕਰਨ ਤੋਂ ਬਾਅਦ ਉਸਨੇ ਅਮਰੀਕਾ ’ਚ ਖੋਜ ਕਾਰਜ ਕੀਤਾ। ਇਸ ਤੋਂ ਬਾਅਦ ਉਸਨੇ ਕੈਨੇਡਾ ਤੇ ਦੱਖਣੀ ਕੋਰੀਆ ’ਚ ਊਰਜਾ ਦੇ ਖੇਤਰ ’ਚ ਕੰਮ ਕੀਤਾ। ਵਰਤਮਾਨ ’ਚ ਉਹ ਆਇਰਲੈਂਡ ’ਚ ਯੂਰਪ ਦੀ ਕੰਪਨੀ ’ਚ ਵੱਖ-ਵੱਖ ਵਿਗਿਆਨੀਆਂ ਨਾਲ ਮਿਲ ਕੇ ਅਜਿਹੀ ਸਿਆਹੀ ਬਣਾਉਣ ’ਤੇ ਕੰਮ ਕਰ ਰਿਹਾ ਹੈ ਜੋ ਸਿਰਫ਼ ਰੋਸ਼ਨੀ ’ਚ ਦਿਖਾਈ ਦੇਵੇਗੀ।
ਉਨ੍ਹਾਂ ਨੇ ਨੌਜਵਾਨਾਂ ਨੂੰ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੀ ਪੀਐੱਚਡੀ ਪਤਨੀ ਡਾ. ਨਿਕਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ ਮਿਹਨਤੀ ਤੇ ਡਾਊਨ ਟੂ ਅਰਥ ਵਿਅਕਤੀ ਹੈ। ਉਸ ਨੂੰ ਉਮੀਦ ਹੈ ਕਿ ਇਕ ਦਿਨ ਉਹ ਆਪਣੀ ਲਗਨ ਨਾਲ ਨੋਬਲ ਪੁਰਸਕਾਰ ਜਿੱਤੇਗਾ