‘ਦ ਖ਼ਾਲਸ ਬਿਊਰੋ: UK ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਭਾਰਤੀ ਮੂਲ ਦੇ ਭੰਗੜਾ ਕੋਚ ਰਾਜੀਵ ਗੁਪਤਾ ਨੂੰ ‘ਪੁਆਇੰਟਸ ਆਫ ਲਾਈਟ’ ਭਾਵ ‘ਚਾਨਣ ਮੁਨਾਰਾ’ ਨਾਲ ਸਨਮਾਨਿਤ ਕੀਤਾ ਹੈ। ਰਾਜੀਵ ਗੁਪਤਾ ਨੇ ਇੰਗਲੈਂਡ ‘ਚ ਕੋਰੋਨਾਵਾਇਰਸ ਲੌਕਡਾਊਨ ਦੌਰਾਨ ਲੋਕਾਂ ਨੂੰ ਸਰੀਰਕ ਤੌਰ ‘ਤੇ ਐਕਟਿਵ ਰੱਖਣ ਲਈ ਮੁਫ਼ਤ ਆਨਲਾਈਨ ਭੰਗੜਾ ਕਲਾਸਾਂ ਦੇ ਕੇ ਵੱਡੀ ਮਿਸਾਲ ਕਾਇਮ ਕੀਤੀ ਹੈ। ਇਸ ਪਿੱਛੇ ਰਾਜੀਵ ਗੁਪਤਾ ਦਾ ਉਦੇਸ਼ ਲੌਕਡਾਊਨ ਦੌਰਾਨ ਸਾਕਾਰਤਮਕ ਵਾਤਾਵਰਣ ਬਣਾਈ ਰੱਖਣਾ ਸੀ।
ਬੋਰਿਸ ਜੌਨਸਨ ਹਰ ਹਫ਼ਤੇ ਉੱਤਮ ਵਾਲੰਟੀਅਰਾਂ ਤੇ ਉਨ੍ਹਾਂ ਦੇ ਭਾਈਚਾਰੇ ‘ਚ ਸਾਕਾਰਾਤਮਕ ਤਬਦੀਲੀ ਲਿਆਉਣ ਵਾਲਿਆਂ ਨੂੰ ਇਹ ਸਨਮਾਨ ਦਿੰਦੇ ਹਨ।
ਉਨ੍ਹਾਂ ਨੇ ਰਾਜੀਵ ਗੁਪਤਾ ਨੂੰ ਲਿਖੇ ਨਿੱਜੀ ਪੱਤਰ ‘ਚ ਲਿਖਿਆ ਕਿ ਪਿਛਲੇ ਕੁੱਝ ਮਹੀਨਿਆਂ ਦੌਰਾਨ ਤੁਹਾਡੀਆਂ ਆਨਲਾਈਨ ਭੰਗੜਾ ਕਲਾਸਾਂ ਨੇ ਇਸ ‘ਚ ਹਿੱਸਾ ਲੈਣ ਵਾਲੇ ਲੋਕਾਂ ‘ਚ ਨਵੀਂ ਤਾਕਤ ਭਰੀ ਹੈ। ਤੁਸੀਂ ਇਸ ਔਖੇ ਵੇਲੇ ਬਹੁਤ ਲੋਕਾਂ ਲਈ ‘ਰੌਸ਼ਨੀ ਦੀ ਕਿਰਨ’ ਹੋ ਤੇ ਮੈਂ ਇਸੇ ਨਾਂ ਤੋਂ ਤਹਾਨੂੰ ਪਛਾਣ ਕੇ ਖੁਸ਼ੀ ਮਹਿਸੂਸ ਕਰਦਾ ਹਾਂ।
ਰਾਜੀਵ ਗੁਪਤਾ ਨੇ ਕਿਹਾ ਕਿ ਮੈਂ ਇਹ ਸਨਮਾਨ ਲੈ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਆਪਣੇ-ਆਪ ਨੂੰ ਬਹੁਤ ਹੀ ਭਾਗਾਂ ਵਾਲਾ ਮੰਨਦਾ ਹਾਂ ਜੋ ਮੁਸ਼ਕਲ ਸਮੇਂ ਲੋਕਾਂ ਦੇ ਕੰਮ ਆ ਸਕਿਆ।
ਰਾਜੀਵ ਗੁਪਤਾ ਪਿਛਲੇ 15 ਸਾਲ ਬਰਮਿੰਘਮ ਦੇ ਮੈਨਚੈਸਟਰ ਵਿਖੇ ਭੰਗੜੇ ਦੀ ਕੋਚਿੰਗ ਦੇ ਰਿਹਾ ਹੈ। ਉਹ 2012 ‘ਚ ਲੰਡਨ ‘ਚ ਇਲੰਪਿਕਸ ਦੀ ਓਪਨਿੰਗ ਸੈਰੇਮਨੀ ‘ਚ ਭਾਗ ਵੀ ਲੈ ਚੁੱਕਾ ਹੈ। ਲਾਕਡਾਊਨ ਦੇ ਚੱਲਦਿਆਂ ਉਸ ਨੇ ਤਿੰਨ ਹਫ਼ਤੇ ਲੋਕਾਂ ਨੂੰ ਮੁਫਤ ਭੰਗੜਾ ਕਲਾਸਾਂ ਦੇਣ ਦਾ ਫੈਸਲਾ ਕੀਤਾ ਸੀ ਜਿਸ ਦੇ ਇਨਾਮ ਵਜੋਂ ਉਸ ਨੂੰ ਇਹ ਸਨਮਾਨ ਮਿਲਿਆ ਹੈ।