ਚੀਨ ਦੇ ਜਿਆਂਗਸੂ ਸੂਬੇ ਦੇ ਯਿਕਸਿੰਗ ਸ਼ਹਿਰ ਦੇ ਇੱਕ ਸਕੂਲ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਵਿਦਿਆਰਥੀ ਨੇ ਚਾਕੂ ਨਾਲ ਹਮਲਾ ਕਰਕੇ 8 ਲੋਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਵੱਲੋਂ ਕੀਤੇ ਗਏ ਹਮਲੇ ‘ਚ 17 ਲੋਕ ਜ਼ਖਮੀ ਵੀ ਹੋਏ ਹਨ।
ਇਹ ਘਟਨਾ ਵੂਸ਼ੀ ਵੋਕੇਸ਼ਨਲ ਇੰਸਟੀਚਿਊਟ ਆਫ ਆਰਟਸ ਐਂਡ ਟੈਕਨਾਲੋਜੀ ਵਿੱਚ ਸ਼ਾਮ ਕਰੀਬ 6:30 ਵਜੇ ਵਾਪਰੀ। ਪੁਲਿਸ ਨੇ ਦੱਸਿਆ ਕਿ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਹਮਲੇ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਉਹ ਪ੍ਰੀਖਿਆ ‘ਚ ਫੇਲ ਹੋਣ, ਡਿਗਰੀ ਨਾ ਮਿਲਣ ਅਤੇ ਇੰਟਰਨਸ਼ਿਪ ਲਈ ਘੱਟ ਪੈਸੇ ਮਿਲਣ ਤੋਂ ਨਾਖੁਸ਼ ਸੀ। ਮਾਮਲੇ ਦੀ ਜਾਂਚ ਜਾਰੀ ਹੈ।
ਯਿਕਸਿੰਗ ਸ਼ਹਿਰ ਦੀ ਪੁਲਿਸ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹਮਲਾ ਸ਼ਾਮ ਨੂੰ ਜਿਆਂਗਸੂ ਸੂਬੇ ਦੇ ਵੂਸੀ ਵੋਕੇਸ਼ਨਲ ਇੰਸਟੀਚਿਊਟ ਆਫ਼ ਆਰਟਸ ਐਂਡ ਟੈਕਨਾਲੋਜੀ ਵਿੱਚ ਹੋਇਆ। ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਮਲਾਵਰ ਕੋਈ ਹੋਰ ਨਹੀਂ ਸਗੋਂ ਇੱਕ ਸਕੂਲੀ ਵਿਦਿਆਰਥੀ ਹੈ ਜਿਸ ਦੀ ਉਮਰ 21 ਸਾਲ ਦੇ ਕਰੀਬ ਦੱਸੀ ਜਾਂਦੀ ਹੈ।
ਦੋਸ਼ੀ ਫੇਲ ਹੋ ਕੇ ਸਕੂਲ ਪਹੁੰਚ ਗਿਆ ਸੀ
ਯਿਕਸਿੰਗ ਦੇ ਜਨਤਕ ਸੁਰੱਖਿਆ ਬਿਊਰੋ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 21 ਸਾਲਾ ਸ਼ੱਕੀ, ਉਪਨਾਮ ਜ਼ੂ, ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ ਸੀ ਅਤੇ ਉਸਨੇ ਅਪਰਾਧ ਕਬੂਲ ਕਰ ਲਿਆ ਸੀ, ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਰਿਪੋਰਟ ਦਿੱਤੀ। ਪੁਲਿਸ ਮੁਤਾਬਕ ਦੋਸ਼ੀ ਇਸ ਸਾਲ ਪ੍ਰੀਖਿਆ ‘ਚ ਫੇਲ ਹੋਣ ਅਤੇ ਇੰਟਰਨਸ਼ਿਪ ਦੀ ਤਨਖਾਹ ਤੋਂ ਅਸੰਤੁਸ਼ਟ ਹੋਣ ‘ਤੇ ਗੁੱਸਾ ਜ਼ਾਹਰ ਕਰਨ ਸਕੂਲ ਪਹੁੰਚਿਆ ਸੀ।