ਨਵਾਂ ਸ਼ਹਿਰ : ਪੰਜਾਬ ਵਿੱਚ ਇਸ ਵਾਰ ਪਿਛਲੇ 50 ਸਾਲਾਂ ਦੇ ਇਤਿਹਾਸ ਵਿੱਚ ਆਲੂ ਉਤਪਾਦਕਾਂ ਨੂੰ ਸਭ ਤੋਂ ਵੱਡੀ ਮਾਰ ਪਈ ਹੈ। ਇੱਕ ਪਾਸੇ ਜਿੱਥੇ ਆਲੂ ਦੀ ਫ਼ਸਲ ਨੂੰ ਲੱਗੀ ਬਿਮਾਰੀ ਕਾਰਨ ਸੱਠ ਫ਼ੀਸਦੀ ਫ਼ਸਲ ਤਬਾਹ ਹੋ ਗਈ, ਉੱਥੇ ਹੀ ਦੂਜੇ ਪਾਸੇ ਬਾਜ਼ਾਰ ਵਿੱਚ ਪਿਛਲੇ ਸਾਲ ਨਾਲੋਂ ਅੱਧ ਤੋਂ ਵੀ ਘੱਟ ਰੇਟ ਹੋਣ ਕਾਰਨ ਬਚੀ ਫ਼ਸਲ ਘਾਟੇ ਵਿੱਚ ਵਿਕ ਰਹੀ ਹੈ।
ਇਸ ਦਾ ਸਭ ਤੋਂ ਵੱਡਾ ਨੁਕਸਾਨ ਝੋਨੇ ਤੋਂ ਬਾਅਦ ਕਣਕ ਦੀ ਬਜਾਏ ਆਲੂ ਦੀ ਖੇਤੀ ਕਰ ਕੇ ਖੇਤੀ ਵਿਭਿੰਨਤਾ ਦਾ ਰਾਹ ਚੁਣਨ ਵਾਲੇ ਕਿਸਾਨਾਂ ਦਾ ਹੋਇਆ ਹੈ। ਬਿਮਾਰੀ ਕਾਰਨ ਲੁਧਿਆਣਾ ਦੇ ਕਸਬਾ ਮਾਛੀਵਾੜਾ ਸਾਹਿਬ ਨਾਲ ਜੁੜੇ ਪਿੰਡਾਂ ਵਿੱਚ ਖੇਤਾਂ ਦੇ ਖੇਤ ਤਬਾਹ ਹੋ ਗਏ ਨੇ..ਇਸੇ ਤਰ੍ਹਾਂ ਇਸ ਇਲਾਕੇ ਵਿੱਚ ਪੰਜ ਦਹਾਕਿਆਂ ਤੋਂ ਆਲੂ ਦੀ ਖੇਤੀ ਕਰ ਰਹੇ ਅਗਾਂਹਵਧੂ ਕਿਸਾਨ ਜੋਗਿੰਦਰ ਸਿੰਘ ਸੇਹ ਦੀ 280 ਏਕੜ ਦੀ 60 ਫ਼ੀਸਦੀ ਤੋਂ ਵੱਧ ਆਲੂ ਦੀ ਫ਼ਸਲ ਪੂਰੀ ਤਰ੍ਹਾਂ ਸੜ ਗਈ ਹੈ। ਜੋਗਿੰਦਰ ਸਿੰਘ ਸੇਹ ਇੱਕ ਏਕੜ ਵਿੱਚੋਂ 25 ਹਜ਼ਾਰ ਆਲੂ ਵੇਚ ਕੇ ਕਮਾ ਲੈਂਦਾ ਸੀ ਪਰ ਇਸ ਵਾਰ ਉਸ ਨੂੰ ਕੁੱਝ ਨਾ ਬਚਿਆ। ਉਸ ਨੂੰ 280 ਏਕੜ ਵਿੱਚ 70 ਲੱਖ ਰੁਪਏ ਦਾ ਨੁਕਾਸਾਨ ਹੋਇਆ ਹੈ।