ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਾਫ਼ਲੇ ’ਤੇ ਗੁੱਜਰਾਂਵਾਲਾ ਵਿੱਚ ਕੱਲ੍ਹ ਇੱਕ ਹਮਲਾ ਹੋਇਆ ਜਿਸ ਦੌਰਾਨ ਉਨ੍ਹਾਂ ਦੇ ਪੈਰ ਉੱਤੇ ਇੱਕ ਗੋਲੀ ਲੱਗੀ ਹੈ। ਮੁੱਢਲੀ ਮੈਡੀਕਲ ਸਹਾਇਤਾ ਤੋਂ ਬਾਅਦ ਇਮਰਾਨ ਖ਼ਾਨ ਨੂੰ ਲਾਹੌਰ ਦੇ ਸ਼ੌਕਤ ਖ਼ਾਨਮ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 14 ਹੋਰ ਜਖ਼ਮੀ ਦੱਸੇ ਜਾ ਰਹੇ ਹਨ। ਜਖ਼ਮੀਆਂ ਵਿੱਚ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਆਗੂ ਫ਼ੈਸਲ ਜਾਵੇਦ ਅਤੇ ਇਕਬਾਲ ਚੱਠਾ ਵੀ ਸ਼ਾਮਿਲ ਹਨ। ਇਸ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਹਮਲੇ ਲਈ ਤਿੰਨ ਦੋਸ਼ੀਆਂ ਨੂੰ ਦੱਸਿਆ ਜ਼ਿੰਮੇਵਾਰ
ਇਮਰਾਨ ਖ਼ਾਨ ਨੇ ਬਿਆਨ ਜਾਰੀ ਕਰਕੇ ਤਿੰਨ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਨੇਤਾ ਅਸਦ ਉਮਰ ਨੇ ਕਿਹਾ ਹੈ ਕਿ ਲੌਂਗ ਮਾਰਚ ਦੌਰਾਨ ਹੋਈ ਗੋਲੀਬਾਰੀ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਗ੍ਰਹਿ ਮੰਤਰੀ ਰਾਣਾ ਸਨਾਉੱਲਾ ਅਤੇ ਮੇਜਰ ਜਨਰਲ ਫ਼ੈਸਲ ਜ਼ਿੰਮੇਵਾਰ ਹਨ। ਇਮਰਾਨ ਖ਼ਾਨ ਦੀ ਪਾਰਟੀ ਦੇ ਆਗੂ ਫਵਾਦ ਹੁਸੈਨ ਚੌਧਰੀ ਨੇ ਦਾਅਵਾ ਕੀਤਾ ਹੈ ਕਿ ਇਹ ਇਮਰਾਨ ਖ਼ਾਨ ਦੀ ਕਤਲ ਦੀ ਕੋਸ਼ਿਸ਼ ਸੀ।
ਵੀਰਵਾਰ ਸ਼ਾਮ ਨੂੰ ਇੱਕ ਵੀਡੀਓ ਬਿਆਨ ਵਿੱਚ ਅਸਦ ਉਮਰ ਨੇ ਕਿਹਾ ਕਿ ਇਮਰਾਨ ਖ਼ਾਨ ਨੇ ਉਨ੍ਹਾਂ ਨੂੰ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਅੰਦਰੂਨੀ ਮਾਮਲਿਆਂ ਦੇ ਸਲਾਹਕਾਰ ਅਸਲਮ ਇਕਬਾਲ ਨੂੰ ਫੋਨ ਕੀਤਾ ਸੀ। ਫੋਨ ਕਰਕੇ ਇਮਰਾਨ ਖ਼ਾਨ ਨੇ ਆਪਣੇ ਵੱਲੋਂ ਇਹ ਬਿਆਨ ਜਾਰੀ ਕਰਨ ਲਈ ਕਿਹਾ। ਅਸਦ ਉਮਰ ਨੇ ਕਿਹਾ ਕਿ ਇਮਰਾਨ ਖ਼ਾਨ ਨੇ ਕਿਹਾ ਹੈ, “ਮੈਨੂੰ ਯਕੀਨ ਹੈ ਕਿ ਇਸ ਹਮਲੇ ਦੇ ਪਿੱਛੇ ਲਗਭਗ ਤਿੰਨ ਲੋਕ ਹਨ ਜਿਨ੍ਹਾਂ ਨੇ ਇਸ ਨੂੰ ਅੰਜ਼ਾਮ ਦਿੱਤਾ ਹੈ। ਇਸ ‘ਚ ਸ਼ਾਹਬਾਜ਼ ਸ਼ਰੀਫ, ਰਾਣਾ ਸਨਾਉੱਲਾ ਅਤੇ ਮੇਜਰ ਜਨਰਲ ਫ਼ੈਸਲ ਸ਼ਾਮਲ ਹਨ।”
ਉਨ੍ਹਾਂ ਮੁਤਾਬਕ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਕੁਝ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ‘ਤੇ ਉਹ ਕਹਿ ਰਹੇ ਹਨ ਕਿ ਇਨ੍ਹਾਂ ਲੋਕਾਂ ਨੇ ਜਾਨਲੇਵਾ ਹਮਲਾ ਕੀਤਾ ਹੈ। ਅਸਦ ਉਮਰ ਨੇ ਕਿਹਾ ਕਿ ਇਮਰਾਨ ਖ਼ਾਨ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਇਆ ਜਾਵੇ, ਨਹੀਂ ਤਾਂ ਦੇਸ਼ ਭਰ ‘ਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਹੁਣ ਠੀਕ ਹਨ ਇਮਰਾਨ ਖ਼ਾਨ
ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਦੱਸਿਆ ਕਿ ਇਮਰਾਨ ਖ਼ਾਨ ਠੀਕ ਹਨ। ਹਸਪਤਾਲ ਵਿੱਚ ਮੌਜੂਦ ਇਲਾਹੀ ਵਲੋਂ ਦੇਰ ਰਾਤੀ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਬਿਲਕੁਠ ਠੀਕ ਹਨ ਤੇ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟਣਗੇ।
ਹਮਲੇ ਦੀ ਜਾਂਚ ਲਈ ਬਣੀ ਕਮੇਟੀ
ਇਲਾਹੀ ਨੇ ਹਮਲੇ ਦੀ ਜਾਂਚ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ, “ਅਸੀਂ ਫ਼ੌਰੀ ਤੌਰ ‘ਤੇ ਇੱਕ ਅਜਿਹੀ ਜੇਆਈਟੀ ਬਣਾਏ ਜਾਣ ਦੇ ਹੁਕਮ ਦਿੱਤੇ ਹਨ ਜੋ ਪਤਾ ਲਗਾ ਸਕੇ ਕਿ ਇਸ ਪਿੱਛੇ ਕੌਣ ਲੋਕ ਹਨ ਤੇ ਹਮਲਾਵਰ ਨੂੰ ਸਿਖਲਾਈ ਕਿਸ ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਇਸ ਹਮਲਾਵਰ ਨੂੰ ਤਿਆਰ ਕਰਨ ਪਿਛਲੀ ਸੋਚ ਦਾ ਪਤਾ ਲਗਾਉਣਾ ਚਾਹੁੰਦੇ ਹਾਂ। ਉਸ ਨੂੰ ਲਿਆਂਦਾ ਕਿੱਥੋਂ ਗਿਆ। ਕਿੰਨੇ ਪੈਸੇ ਦਿੱਤੇ ਗਏ। ਅਸੀਂ ਥਾਣੇ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਸਾਰੇ ਥਾਣੇ ਵਾਲਿਆਂ ਦੇ ਨੰਬਰ ਫ਼੍ਰੌਸੈਂਸਿਕ ਲੈਬ ਨੂੰ ਦੇ ਦਿੱਤੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਥਾਨੇ ਵਾਲਿਆਂ ਦਾ ਇਸ ਲੜਕੇ ਨਾਲ ਕੀ ਰਾਬਤਾ ਸੀ। ਉਨ੍ਹਾਂ ਹਮਲਾਵਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਹਮਲਾਵਰ ਇੱਕ ਵਿਅਕਤੀ ਨਹੀਂ ਸਗੋਂ ਦੋ ਵਿਅਕਤੀ ਸਨ’।
ਉਨ੍ਹਾਂ ਕਿਹਾ ਕਿ ਅਸੀਂ ਇਹ ਵੀ ਪਤਾ ਕਰ ਰਹੇ ਹਾਂ ਕਿ ਲੜਕੇ ਵਲੋਂ ਆਪਣੇ ਜਿਨ੍ਹਾਂ ਰਿਸ਼ਤੇਦਾਰਾਂ ਦੇ ਘਰ ਮੋਟਰਸਾਈਕਲ ਖੜੀ ਕੀਤੀ ਗਈ ਸੀ, ਉਨ੍ਹਾਂ ਦਾ ਲੜਕੇ ਨਾਲ ਆਪਸੀ ਸੰਪਰਕ ਕੀ ਸੀ।
ਗੁਜਰਾਤ ਪੁਲਿਸ ਦੀ ਹਿਰਾਸਤ ‘ਚ ਹੈ ਮੁਲਜ਼ਮ
ਇਮਰਾਨ ਖ਼ਾਨ ‘ਤੇ ਹਮਲੇ ਤੋਂ ਬਾਅਦ ਮੁਲਜ਼ਮ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਗੁਜਰਾਤ ਜ਼ਿਲ੍ਹੇ ਦੀ ਪੁਲਿਸ ਦੀ ਹਿਰਾਸਤ ‘ਚ ਹੈ। ਗੁਜਰਾਤ ਜ਼ਿਲ੍ਹੇ ਦੇ ਖੇਤਰੀ ਪੁਲਿਸ ਅਧਿਕਾਰੀ ਡਾਕਟਰ ਅਖ਼ਤਰ ਅੱਬਾਸ ਨੇ ਦੱਸਿਆ, ”ਮਾਰਚ ਦੌਰਾਨ ਪੁਲਿਸ ਨੇ ਕਈ ਵਾਰ ਭਾਸ਼ਣ ਦੇਣ ਲਈ ਸਟੇਜ ਅਤੇ ਬੁਲੇਟ ਪਰੂਫ਼ ਸ਼ੀਸ਼ੇ ਦਾ ਇਸਤੇਮਾਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ ਪਰ ਉਨ੍ਹਾਂ ਦਾ ਪਾਲਣ ਨਹੀਂ ਕੀਤਾ ਗਿਆ। ਜੇਕਰ ਸੁਰੱਖਿਆ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਂਦਾ ਤਾਂ ਇਮਰਾਨ ਖ਼ਾਨ ਹਮਲੇ ਵਿੱਚ ਜਖ਼ਮੀ ਨਹੀਂ ਹੁੰਦੇ। ਡਾ. ਅਖ਼ਤਰ ਅੱਬਾਸ ਨੇ ਇਹ ਵੀ ਕਿਹਾ ਹੈ ਕਿ ਹਮਲੇ ਦੇ ਮੁਲਜ਼ਮ ਨੇ ਸ਼ੁਰੂਆਤੀ ਬਿਆਨ ਵਿੱਚ ਅਜੇ ਤੱਕ ਕੁਝ ਨਹੀਂ ਦੱਸਿਆ ਹੈ।
ਪ੍ਰਧਾਨ ਮੰਤਰੀ ਸ਼ਰੀਫ਼ ਨੇ ਕੀਤੀ ਨਿੰਦਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਮਰਾਨ ਖ਼ਾਨ ਦੇ ਕਾਫ਼ਲੇ ਉੱਤੇ ਗੋਲੀਬਾਰੀ ਦੀ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੂੰ ਆਈਜੀ ਪੁਲਿਸ ਅਤੇ ਪੰਜਾਬ ਦੇ ਮੁੱਖ ਸਕੱਤਰ ਤੋਂ ਤੁਰੰਤ ਰਿਪੋਰਟ ਮੰਗਣ ਦੇ ਨਿਰਦੇਸ਼ ਦਿੱਤੇ ਹਨ।
ਕਿਉਂ ਕੱਢਿਆ ਜਾ ਰਿਹਾ ਸੀ ਮਾਰਚ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ‘ਹਕੀਕੀ ਆਜ਼ਾਦੀ ਮਾਰਚ’ 28 ਅਕਤੂਬਰ ਨੂੰ ਲਾਹੌਰ ਤੋਂ ਇਸਲਾਮਾਬਾਦ ਲਈ ਰਵਾਨਾ ਹੋਇਆ ਸੀ। ਇਹ ਮਾਰਚ ਦੇਸ਼ ‘ਚ ਤੁਰੰਤ ਚੋਣਾਂ ਦੀ ਮੰਗ ਨੂੰ ਲੈ ਕੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਸ਼ੁਰੂ ਕੀਤਾ ਸੀ।
ਇਮਰਾਨ ਖਾਨ ਦੀ ਪਾਰਟੀ ਪੀਟੀਆਈ ਵੱਲੋਂ ਐਲਾਨੀ ਯੋਜਨਾ ਮੁਤਾਬਕ ਇਹ ਮਾਰਚ 4 ਨਵੰਬਰ ਦਿਨ ਸ਼ੁੱਕਰਵਾਰ ਨੂੰ 11 ਵੱਖ-ਵੱਖ ਸ਼ਹਿਰਾਂ ਵਿੱਚੋਂ ਲੰਘਦਾ ਹੋਇਆ ਸੱਤ ਦਿਨਾਂ ਬਾਅਦ ਇਸਲਾਮਾਬਾਦ ਪੁੱਜਣਾ ਸੀ। ਇਸ ਮਾਰਚ ਦਾ ਨਾਂ ਕੀਨੀਆ ਵਿੱਚ ਮਾਰੇ ਗਏ ਪੱਤਰਕਾਰ ਅਰਸ਼ਦ ਸ਼ਰੀਫ਼ ਅਤੇ ਪਾਕਿਸਤਾਨ ਵਿੱਚ ਸਰਕਾਰ ਦੇ ਗੰਭੀਰ ਦਬਾਅ ਦਾ ਸਾਹਮਣਾ ਕਰ ਰਹੇ ਸੰਗਠਨਾਂ ਅਤੇ ਵਿਅਕਤੀਆਂ ਦੇ ਨਾਂ ‘ਤੇ ਰੱਖਿਆ ਗਿਆ ਹੈ।
ਇਮਰਾਨ ਖ਼ਾਨ ਉੱਤੇ ਕਿਉਂ ਲੱਗੀ ਰੋਕ
ਦਰਅਸਲ ਇਮਰਾਨ ਖ਼ਾਨ ‘ਤੇ ਅਗਲੇ ਪੰਜ ਸਾਲ ਲਈ ਚੋਣ ਲੜਨ ਉੱਤੇ ਰੋਕ ਲੱਗ ਗਈ ਹੈ। ਇਮਰਾਨ ਖ਼ਾਨ ਉੱਤੇ ਇਲਜ਼ਾਮ ਹਨ ਕਿ ਉਨ੍ਹਾਂ ਸੱਤਾ ਵਿੱਚ ਰਹਿੰਦੇ ਹੋਏ ਜੋ ਤੋਹਫ਼ੇ ਲਏ ਸਨ ਉਨ੍ਹਾਂ ਬਾਰੇ ਅਧਿਕਾਰੀਆਂ ਨੂੰ ਗੁੰਮਰਾਹ ਕੀਤਾ ਸੀ। ਇਮਰਾਨ ਖਾਨ ਉੱਤੇ ਇਲਜਾਮ ਸਨ ਕਿ ਉਨ੍ਹਾਂ ਨੇ ਵਿਦੇਸ਼ੀ ਨੁਮਾਇੰਦਿਆਂ ਤੋਂ ਮਿਲੇ ਤੋਹਫਿਆਂ ਬਾਰੇ ਗ਼ਲਤ ਜਾਣਕਾਰੀ ਦਿੱਤੀ ਅਤੇ ਕਥਿਤ ਤੌਰ ਉੱਤੇ ਵੇਚ ਦਿੱਤੇ। ਇਨ੍ਹਾਂ ਤੋਹਫਿਆਂ ਵਿੱਚ ਰੋਲੈਕਸ ਦੀਆਂ ਘੜੀਆਂ, ਅੰਗੂਠੀਆਂ ਅਤੇ ਕਫ ਲਿੰਕਸ ਦਾ ਜੋੜਾ ਵੀ ਸੀ। ਇਸਦੇ ਨਤੀਜੇ ਵਜੋਂ ਉਨ੍ਹਾਂ ‘ਤੇ ਪੰਜ ਸਾਲਾਂ ਲਈ ਚੋਣ ਲੜਨ ਤੋਂ ਰੋਕ ਲਗਾ ਦਿੱਤੀ ਗਈ, ਜਿਸਦੇ ਵਿਰੋਧ ਵਿੱਚ ਉਨ੍ਹਾਂ ਨੇ ਇਹ ਮਾਰਚ ਸ਼ੁਰੂ ਕੀਤਾ ਹੈ।