‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਵਿਚ ਸਥਾਪਤ ਇਤਿਹਾਸਕ ਬੁੰਗਾ ਰਾਮਗੜ੍ਹੀਆ ਦੀ ਸਾਂਭ ਸੰਭਾਲ, ਮੁਰੰਮਤ ਕਾਰਜ ਅਤੇ ਨਵੀਨੀਕਰਨ ਲਈ ਕਾਰਜ ਅਰੰਭ ਕਰ ਦਿੱਤਾ ਹੈ। ਦੋ ਦਹਾਕੇ ਪਹਿਲਾਂ ਇਸ ਦੀ ਸਾਂਭ ਸੰਭਾਲ ਦਾ ਸ਼ੁਰੂ ਕੀਤਾ ਗਿਆ ਕਾਰਜ ਰੁਕਿਆ ਹੋਇਆ ਸੀ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਦੀ ਬੀਬੀ ਜਗੀਰ ਕੌਰ ਸਮੇਤ ਹੋਰ ਧਾਰਮਿਕ ਸ਼ਖਸੀਅਤਾਂ ਨੇ ਇਸ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਦੋ ਰਾਮਗੜ੍ਹੀਆ ਬੁੰਗਿਆਂ ਦੇ ਨਵੀਨੀਕਰਨ ਲਈ ਦਸ ਕਰੋੜ ਦੀ ਲਾਗਤ ਮਿੱਥੀ ਗਈ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਬੁੰਗੇ ਸਿੱਖ ਕੌਮ ਦੀ ਵਿਰਾਸਤ ਹਨ, ਜਿਨ੍ਹਾਂ ਦਾ ਆਪਣਾ ਗੌਰਵਮਈ ਇਤਿਹਾਸ ਹੈ। ਸਿੱਖ ਸੰਗਤ ਦੀ ਮੰਗ ’ਤੇ ਇਤਿਹਾਸਕਾਰਾਂ ਅਤੇ ਮਾਹਿਰਾਂ ਦੀ ਨਿਗਰਾਨੀ ਹੇਠ ਇਨ੍ਹਾਂ ਬੁੰਗਿਆਂ ਦਾ ਨਵੀਨੀਕਰਨ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜਲਦੀ ਹੀ ਇਸ ਸਬੰਧੀ ਟੀਮ ਬਣਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਨਵੀਨੀਕਰਨ ਦੇ ਕੰਮ ਦੌਰਾਨ ਇਸ ਦੀ ਪੁਰਾਤਨ ਦਿੱਖ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ। ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚੋਂ ਇਸ ਨੂੰ ਰਸਤਾ ਦੇਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਸਾਬਕਾ ਅਕਾਲੀ ਮੰਤਰੀ ਹੀਰਾ ਸਿੰਘ ਗਾਬੜੀਆ, ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਗੁਰਮਤਿ ਮਰਿਆਦਾ ਅਨੁਸਾਰ ਹਜ਼ੂਰੀ ਰਾਗੀ ਜਥੇ ਨੇ ਕੀਰਤਨ ਅਤੇ ਅਰਦਾਸ ਵੀ ਕੀਤੀ ਹੈ।
ਪਹਿਲਾਂ ਮੁਰੰਮਤ ਦੌਰਾਨ ਪੁਰਾਤਨ ਸਰੂਪ ਕਰ ਦਿੱਤਾ ਸੀ ਖਤਮ
ਜਾਣਾਰੀ ਅਨੁਸਾਰ ਇਤਿਹਾਸਕ ਬੁੰਗੇ ਸਿੱਖ ਮਿਸਲਾਂ ਵੇਲੇ ਰਾਮਗੜ੍ਹੀਆ ਮਿਸਲ ਦੇ ਮੁਖੀ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਬਣਵਾਏ ਗਏ ਸਨ। ਇਹ ਬੁੰਗੇ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਲਿਆਂ ਨੂੰ ਰੋਕਣ ਅਤੇ ਨਿਗਰਾਨੀ ਦਾ ਕੰਮ ਵੀ ਕਰਦੇ ਸਨ। ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਇਹ ਨੁਕਸਾਨੇ ਗਏ ਸਨ। ਬਾਅਦ ਵਿੱਚ ਕੀਤੀ ਗਈ ਇਸ ਦੀ ਮੁਰੰਮਤ ਦੌਰਾਨ ਨਾ ਸਿਰਫ ਗੋਲੀਆਂ ਅਤੇ ਬੰਬਾਂ ਦੇ ਨਿਸ਼ਾਨ ਖਤਮ ਕਰ ਦਿੱਤੇ ਗਏ ਸਗੋਂ ਇਸ ਉਪਰ ਰੰਗ ਰੋਗਨ ਕਰਕੇ ਇਸ ਦਾ ਪੁਰਾਤਨ ਸਰੂਪ ਵੀ ਖਤਮ ਕਰ ਦਿੱਤਾ ਗਿਆ ਸੀ।