The Khalas Tv Blog Punjab SGPC ਦਾ ਅਹਿਮ ਫ਼ੈਸਲਾ, ਆਰਜ਼ੀ ਮੁਲਾਜ਼ਮਾਂ ਨੂੰ ਹਰ 15 ਦਿਨਾਂ ਬਾਅਦ ਮਿਲੇਗੀ ਤਨਖ਼ਾਹ
Punjab

SGPC ਦਾ ਅਹਿਮ ਫ਼ੈਸਲਾ, ਆਰਜ਼ੀ ਮੁਲਾਜ਼ਮਾਂ ਨੂੰ ਹਰ 15 ਦਿਨਾਂ ਬਾਅਦ ਮਿਲੇਗੀ ਤਨਖ਼ਾਹ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਗੁਰਦੁਆਰਿਆਂ ਵਿਚ ਕੰਮ ਕਰਦੇ ਆਰਜ਼ੀ ਮੁਲਾਜ਼ਮਾਂ ਨੂੰ ਮਹੀਨੇ ’ਚ ਦੋ ਵਾਰ ਬਿਲ ਬਣਾ ਕੇ ਤਨਖ਼ਾਹ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਮੁਲਾਜ਼ਮ ਨੂੰ ਦੋ ਵਾਰ ਤਨਖ਼ਾਹ ਵਰਤਣ ਵਿਚ ਪ੍ਰੇਸ਼ਾਨੀ ਹੈ ਤਾਂ ਉਹ ਅਪਣੇ ਖਾਤੇ ਵਿਚ ਪੈਸੇ ਰੱਖ ਸਕਦਾ ਹੈ ਅਤੇ ਮਹੀਨੇ ਦੀ ਇਕੱਠੀ ਤਨਖ਼ਾਹ ਵਰਤ ਸਕਦਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰਜ਼ੀ ਮੁਲਾਜ਼ਮਾਂ ਨੂੰ 15-15 ਦਿਨ ਦੀ ਤਨਖ਼ਾਹ ਦੇਣ ਦਾ ਫ਼ੈਸਲਾ ਕੀਤਾ ਹੈ। ਆਰਜ਼ੀ ਮੁਲਾਜ਼ਮਾਂ ਦੀ ਪਹਿਲੀ ਤੋਂ 15 ਤਰੀਕ ਤਕ ਦੀ ਹਾਜ਼ਰੀ ਅਤੇ 16 ਤੋਂ 30 ਜਾਂ 31 ਤਰੀਕ ਤਕ ਦੀ ਹਾਜ਼ਰੀ ਦੀ ਤਨਖ਼ਾਹ ਬਣਿਆ ਕਰੇਗੀ। ਸ਼੍ਰੋਮਣੀ ਕਮੇਟੀ ਦੇ ਆਰਜ਼ੀ ਮੁਲਾਜ਼ਮਾਂ ਵਿਚ ਇਸ ਹੋਏ ਫ਼ੈਸਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।

ਆਰਜ਼ੀ ਮੁਲਾਜ਼ਮ ਸਹਿਮ ਵਿਚ ਹਨ ਕਿ ਕਮੇਟੀ ਕੋਈ ਹੋਰ ਗ਼ਲਤ ਫ਼ੈਸਲਾ ਉਨ੍ਹਾਂ ਪ੍ਰਤੀ ਨਾ ਲੈ ਲਵੇ। ਜੂਨ ਮਹੀਨੇ ਦੀ ਪਹਿਲੀ ਤਰੀਕ ਤੋਂ 15 ਤਰੀਕ ਤਕ ਆਰਜ਼ੀ ਮੁਲਾਜ਼ਮਾਂ ਦੀ ਬਣਦੀ ਤਨਖ਼ਾਹ ਅਕਾਊਂਟ ਬਰਾਂਚ ਵਲੋਂ ਤਿਆਰ ਕੀਤੀ ਗਈ ਹੈ। 16 ਤਰੀਕ ਤੋਂ 30 ਜੂਨ ਤਕ ਦੀ ਅਗਲੇ 15 ਦਿਨਾਂ ਦੀ ਤਨਖ਼ਾਹ ਮੁੜ ਤਿਆਰ ਕੀਤੀ ਜਾਵੇਗੀ।

ਦਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਿਚ ਸੱਭ ਤੋਂ ਵੱਧ ਆਰਜ਼ੀ ਮੁਲਾਜ਼ਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਅੰਦਰ ਹਨ। ਵੱਡਾ ਪ੍ਰਬੰਧ ਹੋਣ ਕਾਰਨ ਇਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਰਾਵਾਂ, ਲੰਗਰ, ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਆਦਿ ਅਸਥਾਨਾਂ ’ਤੇ ਆਰਜ਼ੀ ਮੁਲਾਜ਼ਮ ਡਿਊਟੀ ਕਰਦੇ ਹਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦਸਿਆ ਕਿ ਚਾਰਟਰ ਅਕਾਊਂਟੈਂਟ ਦੇ ਕਹਿਣ ਮੁਤਾਬਕ ਆਰਜ਼ੀ ਮੁਲਾਜ਼ਮਾਂ ਨੂੰ ਮਹੀਨੇ ’ਚ ਦੋ ਵਾਰ ਤਨਖ਼ਾਹ ਦੇਣ ਦਾ ਫ਼ੈਸਲਾ ਕੀਤਾ ਹੈ।

ਉਨ੍ਹਾਂ ਦਸਿਆ ਕਿ ਆਰਜ਼ੀ ਮੁਲਾਜ਼ਮ ਨੂੰ 10 ਹਜ਼ਾਰ ਤੋਂ ਵੱਧ ਬਿੱਲ ਨਹੀਂ ਦਿਤਾ ਜਾ ਸਕਦਾ ਅਤੇ ਕਈ ਮੁਲਾਜ਼ਮਾਂ ਦੀ ਦਿਹਾੜੀ ਵੱਧ ਹੈ ਜੋ ਕਿ 10 ਹਜ਼ਾਰ ਤੋਂ ਵੱਧ ਬਿੱਲ ਬਣ ਸਕਦਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਗੁਰਦੁਆਰਿਆਂ ਵਿਚ ਕੰਮ ਕਰਦੇ ਆਰਜ਼ੀ ਮੁਲਾਜ਼ਮਾਂ ਨੂੰ ਮਹੀਨੇ ’ਚ ਦੋ ਵਾਰ ਬਿੱਲ ਬਣਾ ਕੇ ਤਨਖ਼ਾਹ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਮੁਲਾਜ਼ਮ ਨੂੰ ਦੋ ਵਾਰ ਤਨਖ਼ਾਹ ਵਰਤਣ ਵਿਚ ਪਰੇਸ਼ਾਨੀ ਹੈ ਤਾਂ ਉਹ ਅਪਣੇ ਖਾਤੇ ਵਿਚ ਪੈਸੇ ਰੱਖ ਸਕਦਾ ਹੈ ਅਤੇ ਮਹੀਨੇ ਦੀ ਇਕੱਠੀ ਤਨਖ਼ਾਹ ਵਰਤ ਸਕਦਾ ਹੈ। ਸ਼੍ਰੋਮਣੀ ਕਮੇਟੀ ਨੂੰ ਨਿਯਮਾਂ ਅਨੁਸਾਰ ਹੀ ਕੰਮ ਕਰਨਾ ਪਵੇਗਾ।

ਸ਼ੋਮਣੀ ਕਮੇਟੀ ਦਫ਼ਤਰ ਵਲੋਂ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ, ਅਕਾਊਟੈਂਟ ਬ੍ਰਾਂਚ, ਸੁਪਰਵਾਈਜ਼ਰ ਰਿਕਾਰਡ ਬ੍ਰਾਂਚ, ਸਮੂਹ ਨਿਗਰਾਨ/ਸੁਪਰਵਾਈਜ਼ਰ ਆਦਿ ਨੂੰ ਪੱਤਰ ਭੇਜੇ ਗਏ ਹਨ। ਪੱਤਰ ਦਾ ਵਿਸ਼ਾ ਆਰਜ਼ੀ ਮੁਲਾਜ਼ਮਾਂ ਦੀ ਦਿਹਾੜੀ ਦੇ ਦਿਨਾਂ ਦੀ ਬਣਦੀ ਪੇਮੈਂਟ ਦੀ ਅਦਾਇਗੀ ਕਰਨ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਦੀ ਪੱਤਰਕਾ ਨੰਬਰ 3635 ਮਿਤੀ 30 ਮਈ 2024 ਰਾਹੀਂ ਕੀਤੀ ਮੰਗ ਦੇ ਸਬੰਧ ਵਿਚ ਪ੍ਰਦੀਪ ਗੋਇਲ ਲੀਗਲ ਟੈਕਸੇਸ਼ਨ ਐਡਵਾਈਜ਼ਰ ਦੀ ਰਾਏ ਮਿਤੀ 8 ਜੂਨ 2024 ਦੇ ਅਧਾਰਪੁਰ ਸਕੱਤਰ ਨੇ ਪਿਛਲੀ ਰੁਟੀਨ ਅਨੁਸਾਰ ਆਰਜ਼ੀ ਮੁਲਾਜ਼ਮਾਂ ਦੀ ਦਿਹਾੜੀ ਦੇ ਦਿਨਾਂ ਦੀ ਬਣਦੀ ਪੇਮੈਂਟ ਇਕ ਦਿਨ ਵਿਚ ਕਿਸੇ ਵੀ ਕਰਮਚਾਰੀ ਨੂੰ 10 ਹਜ਼ਾਰ ਰੁਪਏ ਨਕਦ ਅਤੇ ਮਹੀਨੇ ਵਿਚ ਦੋ ਵਾਰੀ 10-10 ਹਜ਼ਾਰ ਰੁਪਏ ਤਕ ਅਦਾਇਗੀ ਕਰਨ ਲਈ ਆਰਜ਼ੀ ਮੁਲਾਜ਼ਮਾਂ ਦਾ ਬਿੱਲ ਦੇ ਹਿੱਸਿਆਂ ਵਿਚ 15-15 ਦਿਨਾਂ ਦਾ ਤਿਆਰ ਕਰ ਕੇ ਪੇਮੈਂਟ ਕਰਨ ਦੀ ਆਗਿਆ ਕੀਤੀ ਹੈ।

 

Exit mobile version