‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਯੋਗ ਗੁਰੂ ਰਾਮਦੇਵ ਨੂੰ ਐਲੋਪੈਥੀ ਅਤੇ ਐਲੋਪੈਥੀ ਡਾਕਟਰਾਂ ਬਾਰੇ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਮਾਣਹਾਨੀ ਨੋਟਿਸ ਭੇਜਿਆ ਹੈ। ਨੋਟਿਸ ਵਿੱਚ ਰਾਮਦੇਵ ਨੂੰ 15 ਦਿਨਾਂ ਅੰਦਰ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ 1 ਹਜ਼ਾਰ ਕਰੋੜ ਰੁਪਏ ਦੇ ਹਰਜਾਨਾ ਭਰਨ ਦੇ ਹੁਕਮ ਦਿੱਤੇ ਗਏ ਹਨ।
ਆਈਐੱਮਏ ( ਉੱਤਰਾਖੰਡ ) ਦੇ ਸੈਕਰੇਟਰੀ ਅਜੇ ਖੰਨਾ ਨੇ ਆਪਣੇ ਵਕੀਲ ਨੀਰਜ ਪਾਂਡੇ ਰਾਹੀਂ ਰਾਮਦੇਵ ਨੂੰ 6 ਪੇਜਾਂ ਦਾ ਇਹ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿੱਚ ਐਲੋਪੈਥੀ ਦੀ ਇੱਜ਼ਤ ਅਤੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲੀ ਰਾਮਦੇਵ ਦੀ ਟਿੱਪਣੀ ਦਾ ਵਰਣਨ ਕੀਤਾ ਗਿਆ ਹੈ। ਨੋਟਿਸ ਵਿੱਚ ਆਈਪੀਸੀ ਦੀ ਧਾਰਾ 499 ਤਹਿਤ ਰਾਮਦੇਵ ਦੀ ਟਿੱਪਣੀ ਨੂੰ ‘ਅਪਰਾਧਿਕ ਐਕਟ’ ਕਰਾਰ ਦਿੰਦਿਆਂ ਉਸ ਤੋਂ 15 ਦਿਨਾਂ ਦੇ ਵਿੱਚ ਲਿਖਤੀ ਮੁਆਫੀ ਮੰਗੀ ਗਈ ਹੈ। ਮੁਆਫੀ ਨਾ ਮੰਗਣ ਦੀ ਸੂਰਤ ਵਿੱਚ ਉਨ੍ਹਾਂ ਤੋਂ 1 ਹਜ਼ਾਰ ਕਰੋੜ ਰੁਪਏ ਲਏ ਜਾਣਗੇ, ਜੋ ਕਿ ਆਈਐੱਮਏ ਦੇ ਪ੍ਰਤੀ ਮੈਂਬਰ ਦੇ ਹਿਸਾਬ ਨਾਲ 50 ਲੱਖ ਰੁਪਏ ਦੀ ਦਰ ‘ਤੇ ਤੈਅ ਕੀਤੇ ਗਏ ਹਨ।
ਇਸ ਨੋਟਿਸ ਵਿੱਚ ਰਾਮਦੇਵ ਨੂੰ ਉਸਦੇ ਸਾਰੇ ਝੂਠੇ ਅਤੇ ਮਾਣਹਾਨੀ ਦੇ ਦੋਸ਼ਾਂ ਦਾ ਖੰਡਨ ਕਰਨ ਵਾਲੀ ਇੱਕ ਵੀਡੀਓ ਕਲਿੱਪ ਬਣਾਉਣ ਲਈ ਕਿਹਾ ਗਿਆ ਹੈ ਅਤੇ ਇਸ ਵੀਡੀਓ ਨੂੰ ਉਨ੍ਹਾਂ ਸਾਰੇ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਪ੍ਰਸਾਰਿਤ ਕਰਨ ਲਈ ਕਿਹਾ ਹੈ, ਜਿੱਥੇ ਉਨ੍ਹਾਂ ਨੇ ਪਹਿਲਾਂ ਆਪਣੀ ਪੁਰਾਣੀ ਵੀਡੀਓ ਕਲਿੱਪ ਅਪਲੋਡ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਐਲੋਪੈਥੀ ਬਾਰੇ ਵਿਵਾਦਿਤ ਬਿਆਨ ਦਿੱਤਾ ਸੀ।
ਇਸ ਤੋਂ ਇਲਾਵਾ ਰਾਮਦੇਵ ਨੂੰ ਸਾਰੇ ਸੋਸ਼ਲ ਪਲੇਟਫਾਰਮਾਂ ਤੋਂ ਆਪਣੀ ਫਰਮ ਦੇ ਉਤਪਾਦ ‘ਕੋਰੋਨਿਲ ਕਿੱਟ’ ਬਾਰੇ ਦਿੱਤੇ ਗਏ ਇਸ਼ਤਿਹਾਰ ਨੂੰ ਵੀ ਵਾਪਸ ਲੈਣ ਦੇ ਹੁਕਮ ਦਿੱਤੇ ਗਏ ਹਨ। ਅਜਿਹਾ ਨਾ ਕਰਨ ‘ਤੇ ਆਈਐੱਮਏ ਰਾਮਦੇਵ ‘ਤੇ ਐੱਫਆਈਆਰ ਅਤੇ ਅਪਰਾਧਿਕ ਕੇਸ ਦਰਜ ਕਰ ਸਕਦੀ ਹੈ।