ਚੰਡੀਗੜ੍ਹ ਦੇ ਪਾਰਕਾਂ ‘ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦੀ ਖੈਰ ਨਹੀਂ। ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਜਲਦ ਹੀ ਹਟਾਇਆ ਜਾਵੇਗਾ। ਇਸ ਲਈ ਨਗਰ ਨਿਗਮ ਨੇ ਮੁਲਾਜ਼ਮਾਂ ਦੀਆਂ ਕਈ ਟੀਮਾਂ ਬਣਾਈਆਂ ਹਨ। ਇਹ ਟੀਮਾਂ ਅੱਜ ਤੋਂ ਸਰਵੇਖਣ ਸ਼ੁਰੂ ਕਰਨਗੀਆਂ। ਇਹ ਟੀਮਾਂ ਨਾਜਾਇਜ਼ ਕਬਜ਼ਿਆਂ ਦੀ ਸ਼ਨਾਖਤ ਕਰਨਗੀਆਂ, ਜਿਸ ਤੋਂ ਬਾਅਦ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਦਰਅਸਲ ਨਿਗਮ ਨੂੰ ਸੂਚਨਾ ਮਿਲੀ ਸੀ ਕਿ ਕਈ ਲੋਕਾਂ ਨੇ ਪਾਰਕਾਂ ਵਿੱਚ ਲੋਹੇ ਦੀਆਂ ਗਰਿੱਲਾਂ ਤੋੜ ਕੇ ਅੰਦਰ ਨਿੱਜੀ ਝੂਲੇ ਤੇ ਬੈਂਚ ਲਾ ਕੇ ਕਬਜ਼ਾ ਕਰ ਲਿਆ ਹੈ। ਅਜਿਹੇ ਲੋਕਾਂ ਖਿਲਾਫ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਵਿੱਚ 1800 ਦੇ ਕਰੀਬ ਪਾਰਕ ਹਨ। ਇਨ੍ਹਾਂ ਵਿੱਚੋਂ ਕਈ ਪਾਰਕਾਂ ਦੀ ਸਾਂਭ-ਸੰਭਾਲ ਨਿਗਮ ਵੱਲੋਂ ਕੀਤੀ ਜਾਂਦੀ ਹੈ, ਜਦੋਂਕਿ ਕਈ ਪਾਰਕਾਂ ਦੀ ਸਾਂਭ-ਸੰਭਾਲ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਵੱਲੋਂ ਕੀਤੀ ਜਾਂਦੀ ਹੈ।
ਹਾਸਲ ਜਾਣਕਾਰੀ ਮੁਤਾਬਕ ਸ਼ਹਿਰ ਦੇ ਕਈ ਸੈਕਟਰਾਂ ਵਿੱਚ ਪਾਰਕਾਂ ’ਤੇ ਨਾਜਾਇਜ਼ ਕਬਜ਼ੇ ਦੇਖੇ ਗਏ ਹਨ। ਖਾਸ ਕਰਕੇ ਸੈਕਟਰ 15, ਸੈਕਟਰ 27, ਸੈਕਟਰ 18, ਸੈਕਟਰ 19, ਸੈਕਟਰ 20, ਸੈਕਟਰ 21, ਸੈਕਟਰ 22, ਸੈਕਟਰ 23 ਤੇ ਸੈਕਟਰ 45 ਵਿੱਚ ਇਨਡੋਰ ਪਾਰਕਾਂ ਉੱਪਰ ਕਬਜ਼ੇ ਦੇਖੇ ਗਏ ਹਨ। ਕਈ ਪਾਰਕਾਂ ਨੂੰ ਵਾਹਨਾਂ ਦੀ ਖੁੱਲ੍ਹੀ ਪਾਰਕਿੰਗ ਲਈ ਵਰਤਿਆ ਜਾ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਕੁਝ ਥਾਵਾਂ ’ਤੇ ਲੋਕਾਂ ਨੇ ਕਾਫੀ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਹੈ। ਪ੍ਰਸ਼ਾਸਨ ਵੱਲੋਂ ਇਨ੍ਹਾਂ ਖ਼ਿਲਾਫ਼ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਕਰਕੇ ਇੱਕ-ਦੂਜੇ ਨੂੰ ਵੇਖ ਕੇ ਲੋਕਾਂ ਨੇ ਹੋਰ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ। ਇਨ੍ਹਾਂ ਵਿੱਚ ਕਈ ਸ਼ਹਿਰ ਦੇ ਪ੍ਰਭਾਵਸ਼ਾਲੀ ਲੋਕ ਹਨ, ਜਿਸ ਕਾਰਨ ਇਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।