ਬਿਉਰੋ ਰਿਪੋਰਟ: ਹਮਾਸ ਦਾ ਫੌਜੀ ਮੁਖੀ ਮੁਹੰਮਦ ਦਾਇਫ ਹਵਾਈ ਹਮਲੇ ’ਚ ਮਾਰਿਆ ਗਿਆ ਹੈ। ਦਾਇਫ ਦੀ ਮੌਤ ਦੀ ਖ਼ਬਰ ਕਾਫੀ ਸਮੇਂ ਤੋਂ ਚਰਚਾ ’ਚ ਸੀ ਪਰ ਇਜ਼ਰਾਇਲੀ ਫੌਜ ਨੇ ਅੱਜ ਵੀਰਵਾਰ 1 ਅਗਸਤ ਨੂੰ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਗਾਜ਼ਾ ਦੇ ਖਾਨ ਯੂਨਿਸ ਵਿੱਚ 13 ਜੁਲਾਈ ਨੂੰ ਇੱਕ ਹਵਾਈ ਹਮਲੇ ਵਿੱਚ ਮਾਰਿਆ ਗਿਆ ਸੀ।
ਰਿਪੋਰਟਾਂ ਮੁਤਾਬਕ ਜਿਨ੍ਹਾਂ ਤਿੰਨ ਨੇਤਾਵਾਂ ਨੇ ਇਜ਼ਰਾਈਲ ’ਤੇ ਹਮਲੇ ‘ਚ ਭੂਮਿਕਾ ਨਿਭਾਈ ਸੀ, ਉਨ੍ਹਾਂ ’ਚ ਹਮਾਸ ਦੇ ਸਿਆਸੀ ਨੇਤਾ ਇਸਮਾਈਲ ਹਨੀਯੇਹ, ਮਿਲਟਰੀ ਚੀਫ ਮੁਹੰਮਦ ਦਾਇਫ ਅਤੇ ਗਾਜ਼ਾ ਚੀਫ ਯਾਹਿਆ ਸਿਨਵਰ ਸ਼ਾਮਲ ਸਨ। ਪਹਿਲੇ ਦੋ ਦੀ ਮੌਤ ਤੋਂ ਬਾਅਦ ਹੁਣ ਹਮਾਸ ਦੀ ਸਿਖਰਲੀ ਲੀਡਰਸ਼ਿਪ ਵਿੱਚ ਸਿਰਫ਼ ਸਿਨਵਰ ਹੀ ਬਚਿਆ ਹੈ।
ਇਜ਼ਰਾਈਲੀ ਮੰਤਰੀ ਨੇ ਦਾਇਫ ਦੀ ਤਸਵੀਰ ’ਤੇ ਲਾਇਆ ਕਾਂਟਾ
ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਦਾਇਫ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਗਾਜ਼ਾ ਤੋਂ ਅੱਤਵਾਦ ਦੇ ਖਾਤਮੇ ਦੇ ਟੀਚੇ ਵਿੱਚ ਇਕ ਵੱਡਾ ਕਦਮ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਜ਼ਰਾਇਲੀ ਫੌਜ ਨੇ 13 ਜੁਲਾਈ ਨੂੰ ਗਾਜ਼ਾ ਦੇ ਓਸਾਮਾ ਬਿਨ ਲਾਦੇਨ ‘ਦਾਇਫ’ ਨੂੰ ਮਾਰ ਦਿੱਤਾ ਹੈ। ਹੁਣ ਅਸੀਂ ਹਮਾਸ ਨੂੰ ਖ਼ਤਮ ਕਰਨ ਦੇ ਬਹੁਤ ਨੇੜੇ ਆ ਗਏ ਹਾਂ।
We can now confirm: Mohammed Deif was eliminated.
— Israel Defense Forces (@IDF) August 1, 2024
ਹਮਾਸ ਨੇ ਹਮਲੇ ਵਿੱਚ ਦਾਇਫ ਦੀ ਮੌਤ ਨੂੰ ਕੀਤਾ ਸੀ ਰੱਦ
ਦੱਸ ਦੇਈਏ ਇਜ਼ਰਾਈਲ ਨੇ 13 ਜੁਲਾਈ ਨੂੰ ਗਾਜ਼ਾ ਦੇ ਅਲ-ਮਵਾਸੀ ਕੈਂਪ ’ਤੇ ਹਵਾਈ ਹਮਲਾ ਕੀਤਾ ਸੀ। ਇਸ ਹਮਲੇ ਵਿਚ 90 ਲੋਕ ਮਾਰੇ ਗਏ ਸਨ ਅਤੇ 300 ਤੋਂ ਵੱਧ ਜ਼ਖਮੀ ਹੋਏ ਸਨ। ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਸੀ ਕਿ ਹਮਲੇ ’ਚ ਹਮਾਸ ਦਾ ਫੌਜੀ ਮੁਖੀ ਦਾਇਫ ਮਾਰਿਆ ਗਿਆ ਹੈ। ਹਾਲਾਂਕਿ ਅਗਲੇ ਹੀ ਦਿਨ ਹਮਾਸ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਸੀ।
ਇਜ਼ਰਾਈਲ ਨੇ 7 ਵਾਰ ਦਾਇਫ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਹਾਲਾਂਕਿ ਇਹ ਸਫ਼ਲ ਨਹੀਂ ਹੋਇਆ ਸੀ। ਉਹ ਪਿਛਲੇ ਸਾਲ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹੋਏ ਹਮਲੇ ਦਾ ਮਾਸਟਰਮਾਈਂਡ ਸੀ। ਉਸ ਨੇ ਇਸ ਆਪਰੇਸ਼ਨ ਦਾ ਨਾਂ ‘ਅਲ ਅਕਸਾ ਫਲੱਡ’ ਰੱਖਿਆ।
ਈਰਾਨ ਗਏ ਹਮਾਸ ਦੇ ਮੁਖੀ ਹਨੀਯੇਹ ਨੂੰ ਮਾਰਿਆ
ਹਮਾਸ ਦੇ ਚੋਟੀ ਦੇ 3 ਲੀਡਰਾਂ ਵਿੱਚੋਂ ਹੁਣ ਸਿਰਫ਼ ਗਾਜ਼ਾ ਚੀਫ਼ ਯਾਹਿਆ ਸਿਨਵਰ ਹੀ ਬਚਿਆ ਹੈ। 31 ਜੁਲਾਈ ਬੁੱਧਵਾਰ ਨੂੰ ਈਰਾਨ ’ਚ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਲਈ ਗਏ ਹਮਾਸ ਦੇ ਸਿਆਸੀ ਮੁਖੀ ਇਸਮਾਈਲ ਹਨੀਯੇਹ ਦੀ ਮਿਜ਼ਾਈਲ ਹਮਲੇ ’ਚ ਮੌਤ ਹੋ ਗਈ।
ਇਸ ਸਮਾਰੋਹ ਵਿੱਚ ਭਾਰਤ ਤੋਂ ਕਈ ਵਿਸ਼ਵ ਨੇਤਾਵਾਂ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਵੀ ਸ਼ਿਰਕਤ ਕੀਤੀ। ਈਰਾਨ ਨੇ ਇਜ਼ਰਾਈਲ ’ਤੇ ਹਨੀਯੇਹ ਦੀ ਹੱਤਿਆ ਦਾ ਇਲਜ਼ਾਮ ਲਗਾਇਆ ਹੈ।