‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਹਾਈਕੋਰਟ ਦਾ ਤਲਖ ਫੈਸਲਾ ਆਉਣ ਮਗਰੋਂ ਪੂਰੀ ਸਿੱਖ ਕੌਮ ਨਿਰਾਸ਼ਾ ਮਹਿਸੂਸ ਕਰ ਰਹੀ ਹੈ। ਲੰਬੇ ਸਮੇਂ ਤੱਕ ਚੱਲੇ ਕੇਸ ਵਿੱਚੋਂ ਅਖੀਰ ਕੋਈ ਵੀ ਪੁਖਤਾ ਫੈਸਲਾ ਨਹੀਂ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ। ਇਸੇ ਦੇ ਰੋਸ ਵਜੋਂ ਅੱਜ ਮੁਹਾਲੀ ਦੇ ਗੁਰੂਦੁਆਰਾ ਸ਼੍ਰੀ ਅੰਬ ਸਾਹਿਬ ਵਿੱਖੇ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਲੀਡਰਾਂ ਦੀ ਇਕੱਤਰਤਾ ਹੋਈ। ਇਸ ਮੌਕੇ ਵਿਧਾਇਕ ਸੁਖਪਾਲ ਖਹਿਰਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਤੇ ਬੈਂਸ ਬ੍ਰਦਰਸ ਦੀ ਪਾਰਟੀ ਦੇ ਨੁਮਾਇੰਦੇ ਵੀ ਮੌਜੂਦ ਸਨ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਦੋਸ਼ੀਆਂ ਨੂੰ ਸਿੱਖ ਕੌਮ ਦਿਲਾਂ ‘ਚੋਂ ਕੱਢ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਕਲੀਨ ਚਿੱਟ ਮਿਲਣ ਤੇ ਇਹ ਫੈਸਲਾ ਆਉਣ ‘ਤੇ ਬਾਦਲ ਪਰਿਵਾਰ ਖੁਸ਼ੀ ਮਨਾ ਰਿਹਾ ਹੈ ਤਾਂ ਇਹ ਸਾਬਿਤ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਸੀ।
ਜਥੇਦਾਰ ਨੇ ਕਿਹਾ ਕਿ ਇਸ ਕੇਸ ਨੂੰ ਬੜੀ ਸੋਚੀ-ਸਮਝੀ ਚਾਲ ਨਾਲ ਖਰਾਬ ਕੀਤਾ ਗਿਆ ਹੈ। ਹਾਈਕੋਰਟ ਦੇ ਜੱਜ ਤੇ ਵਕੀਲ ਤੱਕ ਕਹਿ ਰਹੇ ਹਨ ਕਿ ਇਹ ਫੈਸਲਾ ਪੱਖਪਾਤੀ ਹੈ। 35 ਤੋਂ 40 ਹਜ਼ਾਰ ਰੁਪਏ ਤਨਖਾਹ ਲੈਣ ਵਾਲਾ ਪੁਲਿਸ ਮੁਲਾਜ਼ਮ ਨੇ ਮਹਿੰਗੇ ਵਕੀਲ ਕੀਤੇ ਹਨ ਤੇ ਇਨ੍ਹਾਂ ਪਿੱਛੇ ਉਹੀ ਲੋਕ ਹਨ, ਜੋ ਖੁਸ਼ੀ ਮਨਾ ਰਹੇ ਹਨ।
ਜਥੇਦਾਰ ਨੇ ਕਿਹਾ ਕਿ ਸਾਲ 2000 ਤੋਂ 2005 ਤੱਕ ਬਾਦਲ ਸਰਕਾਰ ਰਹੀ ਹੈ। ਚੌਟਾਲਾ ਦੀ ਸਰਕਾਰ ਵੇਲੇ ਅਸ਼ੋਕ ਅਗਰਵਾਲ ਐਡਵੋਕੇਟ ਜਨਰਲ ਸਨ ਤੇ ਰਾਜਬੀਰ ਸ਼ਹਿਰਾਵਤ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਸਨ, ਜੋ ਅੱਜ ਹਾਈਕੋਰਟ ਦਾ ਫੈਸਲਾ ਸੁਣਾ ਰਹੇ ਹਨ। ਬਾਦਲ ਸਰਕਾਰ ਵੇਲੇ ਅਸ਼ੋਕ ਅਗਰਵਾਲ ਐਡਵੋਕੇਟ ਬਣੇ ਤੇ ਅੱਜ ਅਸ਼ੋਕ ਅਗਰਵਾਲ ਤੇ ਰਾਜਬੀਰ ਸ਼ਹਿਰਾਵਤ ਨੇ ਇਹ ਮਿਲ ਕੇ ਫੈਸਲਾ ਕੀਤਾ ਹੈ। ਜੱਜ ਤੇ ਵਕੀਲ ਦਾ ਰੂਪ ਧਾਰ ਕੇ ਪੁਰਾਣੇ ਮਾਲਕਾਂ ਨੂੰ ਸੇਵਾ ਦਾ ਮੁਲ ਮੋੜਿਆ ਹੈ।
ਉਨ੍ਹਾਂ ਕਿਹਾ ਕਿ ਇਹ ਕਿਸੇ ਲੋਅਰ ਕੋਰਟ ਦਾ ਫੈਸਲਾ ਨਹੀਂ ਸੀ, ਜਿਸਦੇ ਖਿਲਾਫ ਅਪੀਲ ਕੀਤੀ ਗਈ ਹੋਵੇ। ਕਲੀਨ ਚਿਟ ਵੀ ਮੰਗਣ ਤੋਂ ਬਗੈਰ ਹੀ ਮਿਲੀ ਹੈ। ਇਸ ਵਿਚ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਛੇ ਮਹੀਨਿਆਂ ਵਿਚ ਇਸ ਮਾਮਲੇ ਵਿੱਚ ਫੈਸਲਾ ਕੀਤਾ ਜਾਵੇ। ਨਵੀਂ ਜਾਂਚ ਕਮੇਟੀ ਕਿਸ ਤਰ੍ਹਾਂ ਹਾਈਕੋਰਟ ਦੇ ਫੈਸਲੇ ਦੇ ਵਿਰੁੱਧ ਜਾ ਕੇ ਬਾਦਲ ਪਰਿਵਾਰ ਨੂੰ ਦੋਸ਼ੀ ਕਰਾਰ ਦੇ ਸਕਦੀ ਹੈ। ਇਸਦੀ ਹੁਣ ਕੋਈ ਉਮੀਦ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪ ਸਾਰੇ ਦੋਸ਼ੀਆਂ ਨੂੰ ਟਾਰਗੇਟ ਕਰਕੇ ਬਾਹਰ ਦਾ ਰਾਹ ਦਿਖਾ ਦੇਣਾ ਚਾਹੀਦਾ ਹੈ। ਜਥੇਦਾਰ ਨੇ ਇਸ ਮੌਕੇ ਐਲਾਨ ਕੀਤਾ ਕਿ ਇਸ ਰਿਟ ਪਟੀਸ਼ਨ ਦੀ ਜੱਜਮੈਂਟ ਦੀ ਕਾਪੀ ਕੋਟਕਪੂਰਾ ਵਿਖੇ ਬੱਤੀਆਂ ਵਾਲੇ ਚੌਂਕ ਵਿੱਚ 30 ਅਪ੍ਰੈਲ ਨੂੰ ਸਾੜ ਕੇ ਸਵਾਹ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦੀ ਪਹਿਲੀ ਕਾਪੀ ਮੈਂ ਸਾੜਾਂਗਾ ਤੇ ਜਿਸ ਕਿਸੇ ਨੇ ਮੈਨੂੰ ਗ੍ਰਿਫਤਾਰ ਕਰਨਾ ਹੋਇਆ, ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਲੰਘਾਹ ਵਰਗੇ ਬੰਦਿਆਂ ਨੂੰ ਮੁੜ ਤੋਂ ਪੰਥ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਸਫਲ ਨਹੀਂ ਹੋਣ ਦਿਆਂਗੇ ਤੇ ਨਾ ਹੀ ਇਹ ਬਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਸੰਬੋਧਿਤ ਕਰਦਿਆਂ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿੱਬਡਿਬਾ ਨੇ ਕਿਹਾ ਕਿ ਸਾਰੀ ਸਿਖ ਕੌਮ ਨੂੰ ਅਪੀਲ ਹੈ ਕਿ ਇਸ ਫੈਸਲੇ ਦੇ ਖਿਲਾਫ ਆਪਣਾ ਰੋਹ ਜਾਹਿਰ ਕਰੇ।
ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜਥੇਦਾਰ ਰਣਜੀਤ ਸਿੰਘ ਨੇ ਜੋ ਕਾਨੂੰਨ ਦੇ ਫੈਸਲੇ ਦੀਆਂ ਕਾਪੀਆਂ ਸਾੜਨ ਦਾ ਫੈਸਲਾ ਲਿਆ ਹੈ , ਅਸੀਂ ਉਨ੍ਹਾਂ ਨਾਲ ਹਾਂ ਤੇ ਸਾਨੂੰ ਕੋਈ ਸਿਆਸੀ ਲਾਹੇ ਦੀ ਲੋੜ ਨਹੀਂ ਹੈ। ਲੋਕਾਂ ਦਾ ਕਾਨੂੰਨ ਦੇ ਇਨਸਾਫ ਤੋਂ ਭਰੋਸਾ ਉੱਠ ਚੁੱਕਾ ਹੈ। ਸਾਨੂੰ ਸਾਰਿਆਂ ਨੂੰ ਜਥੇਬੰਦੀਆਂ ਦੇ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰ ਧਾਰਿਮਕ ਜਥੇਬੰਦੀਆਂ ਦੇ ਲੀਡਰਾਂ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ 30 ਅਪ੍ਰੈਲ ਨੂੰ ਕਾਪੀਆਂ ਸਾੜਨ ਦੇ ਫੈਸਲੇ ਲਈ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।