ਮੁਹਾਲੀ : ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫ਼ਤਾਰ ਫ਼ਿਰੋਜ਼ਪੁਰ ਦਿਹਾਤੀ ਦੀ ਸਾਬਕਾ ਵਿਧਾਇਕ ਸਤਿਕਾਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ‘ਚ ਨਾਜਾਇਜ਼ ਫਸਾਇਆ ਜਾ ਰਿਹਾ ਹੈ। ਉਹਨਾਂ ਦਾ ਕੋਈ ਕਸੂਰ ਜਾਂ ਦੋਸ਼ ਨਹੀਂ ਹੈ। ਉਹ ਸਿਆਸਤ ਦਾ ਸ਼ਿਕਾਰ ਹੋਈ ਹੈ। ਇਹ ਗੱਲ ਉਨ੍ਹਾਂ ਅੱਜ (ਵੀਰਵਾਰ) ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਮੀਡੀਆ ਦੇ ਸਾਹਮਣੇ ਕਹੀ। ਇਸ ਦੌਰਾਨ ਪੁਲਿਸ ਟੀਮ ਉਸ ਨੂੰ ਮੈਡੀਕਲ ਕਰਵਾਉਣ ਲਈ ਹਸਪਤਾਲ ਲੈ ਕੇ ਆਈ ਉਸ ਦਾ ਭਤੀਜਾ ਵੀ ਉਸ ਦੇ ਨਾਲ ਸੀ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਘਰੋਂ ਵੀ ਰਿਕਵਰੀ ਹੋਈ ਹੈ ਤਾਂ ਸਤਕਾਰ ਕੌਰ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੇ ਘਰੋਂ ਸੋਨਾ ਬਰਾਮਦ ਨਹੀਂ ਹੋਇਆ ਹੈ। ਜਿੱਥੋਂ ਤੱਕ ਪੈਸੇ ਦੀ ਗੱਲ ਹੈ, ਉਸਨੇ ਆਪਣੀ ਕਾਰ ਵੇਚ ਦਿੱਤੀ ਹੈ। ਉਸ ਨੇ ਪੈਸੇ ਘਰ ਵਿੱਚ ਰੱਖੇ ਹੋਏ ਸਨ। ਹਸਪਤਾਲ ‘ਚ ਉਸ ਦੀ ਮੈਡੀਕਲ ਪ੍ਰਕਿਰਿਆ ਚੱਲ ਰਹੀ ਹੈ। ਪੁਲਿਸ ਵੱਲੋਂ ਉਸ ਨੂੰ ਦੁਪਹਿਰ ਬਾਅਦ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਲੰਘੇ ਕੱਲ੍ਹ ਕੀਤਾ ਸੀ ਗ੍ਰਿਫਤਾਰ
ਫ਼ਿਰੋਜ਼ਪੁਰ ਦਿਹਾਤੀ ਦੀ ਸਾਬਕਾ ਵਿਧਾਇਕ ਸਤਕਾਰ ਕੌਰ ਅਤੇ ਉਨ੍ਹਾਂ ਦੇ ਭਤੀਜੇ ਨੂੰ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਬੁੱਧਵਾਰ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਕੁੱਲ 128 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਸਾਬਕਾ ਵਿਧਾਇਕ ਦੇ ਡਰਾਈਵਰ ਨੇ ਪੁਲਿਸ ਮੁਲਾਜ਼ਮਾਂ ‘ਤੇ ਆਪਣੀ ਕਾਰ ਭਜਾ ਦਿੱਤੀ। ਜਿਸ ਕਾਰਨ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ। ਟੀਮ ਨੇ ਮੌਕੇ ਤੋਂ ਇੱਕ ਕਰੂਜ਼ ਅਤੇ ਇੱਕ BMW ਗੱਡੀ ਵੀ ਜ਼ਬਤ ਕੀਤੀ ਹੈ।
ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪੁਲਿਸ ਦੀ ਜਾਂਚ ਅਜੇ ਜਾਰੀ ਹੈ। ਮੁਹਾਲੀ ਦੇ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਥਾਣੇ ਵਿੱਚ ਇੱਕ ਵਿਅਕਤੀ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਉਹ ਨਸ਼ੇ ਦਾ ਆਦੀ ਹੈ। ਇੱਕ ਔਰਤ ਉਸਨੂੰ ਨਸ਼ਾ ਵੇਚਣ ਲਈ ਮਜ਼ਬੂਰ ਕਰ ਰਹੀ ਹੈ। ਉਸਨੇ ਪੁਲਿਸ ਨੂੰ ਕੁਝ ਕਾਲ ਰਿਕਾਰਡਿੰਗ ਵੀ ਦਿੱਤੀ। ਜਿਸ ਵਿੱਚ ਨਸ਼ੇ ਦੇ ਸੌਦੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।