The Khalas Tv Blog India ‘ਮੈਂ ਕਿਸਾਨਾਂ ਦਾ ਸਿਪਾਹੀ ਹਾਂ ਉਨਾਂ ਲਈ ਲੜਦਾ ਰਹਾਂਗਾ’, ਦੀਪ ਸਿੱਧੂ ਨੇ ਦੱਸੀ ਜੇਲ੍ਹ ਦੀ ਸਾਰੀ ਕਹਾਣੀ
India Punjab

‘ਮੈਂ ਕਿਸਾਨਾਂ ਦਾ ਸਿਪਾਹੀ ਹਾਂ ਉਨਾਂ ਲਈ ਲੜਦਾ ਰਹਾਂਗਾ’, ਦੀਪ ਸਿੱਧੂ ਨੇ ਦੱਸੀ ਜੇਲ੍ਹ ਦੀ ਸਾਰੀ ਕਹਾਣੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਦਾਕਾਰ ਦੀਪ ਸਿੱਧੂ ਦੀ ਕੱਲ੍ਹ ਪੁਰਾਤੱਤਵ ਵਿਭਾਗ ਨਾਲ ਜੁੜੇ ਕੇਸ ਵਿੱਚੋਂ ਜ਼ਮਾਨਤ ਹੋਣ ਤੋਂ ਬਾਅਦ ਕੱਲ੍ਹ ਦੇਰ ਰਾਤ ਤਿਹਾੜ ਜੇਲ੍ਹ ਵਿੱਚੋਂ ਰਿਹਾਈ ਹੋ ਗਈ ਹੈ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਆਦ ਦੀਪ ਸਿੱਧੂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੀਪ ਸਿੱਧੂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਣ ਵੀ ਗਏ। ਦੀਪ ਸਿੱਧੂ ਨੇ ਸਾਰੇ ਲੋਕਾਂ ਦਾ ਉਸਦਾ ਸਮਰਥਨ ਦੇਣ ‘ਤੇ ਧੰਨਵਾਦ ਕੀਤਾ। ਦੀਪ ਸਿੱਧੂ ਨੇ ਖਾਸ ਤੌਰ ‘ਤੇ ਮਨਜਿੰਦਰ ਸਿੰਘ ਸਿਰਸਾ ਦਾ ਧੰਨਵਾਦ ਕੀਤਾ।

ਦੀਪ ਸਿੱਧੂ ਨੇ ਜੇਲ੍ਹ ਤੋਂ ਰਿਹਾਅ ਹੋ ਕੇ ਕਿਹਾ ਕਿ ‘ਇਹੋ ਜਿਹਾ ਸਮਾਂ ਬੰਦਿਆਂ ‘ਤੇ ਹੀ ਆਉਂਦਾ ਹੈ ਅਤੇ ਬੰਦੇ ਹੀ ਉਸ ਨੂੰ ਨਿਭਾਉਂਦੇ ਹਨ ਅਤੇ ਉਸ ਵਿੱਚੋਂ ਨਿਕਲਦੇ ਹਨ। ਇਹ ਜੋ ਕੋਠੜੀਆਂ ਹਨ, ਇਹ ਸਾਡੇ ਇਰਾਦੇ, ਦ੍ਰਿੜਤਾ ਨੂੰ ਤੋੜ ਨਹੀਂ ਸਕਦੀ। ਜਦੋਂ ਗੁਰੂ ਨਾਨਕ ਸਾਹਿਬ ਜੀ ਸਾਡੇ ਆਦਰਸ਼ ਹਨ ਤਾਂ ਫਿਰ ਅਸੀਂ ਪਿੱਛੇ ਕਿਵੇਂ ਰਹਿ ਜਾਵਾਂਗੇ। ਕਾਨੂੰਨ ਨੇ ਤਾਂ ਫਿਰ ਵੀ ਇਨਸਾਫ ਕੀਤਾ, ਸਰਕਾਰਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ’।

ਦੀਪ ਸਿੱਧੂ ਨੇ ਕਿਹਾ ਕਿ ‘ਜੇਲ੍ਹ ਵਿੱਚ ਕਿਸੇ ਨੇ ਮੇਰੇ ਨਾਲ ਬਦਤਮੀਜ਼ੀ ਨਹੀਂ ਕੀਤੀ, ਮੈਨੂੰ ਕਿਸੇ ਨੇ ਓਏ ਤੱਕ ਨਹੀਂ ਕਿਹਾ। ਮੇਰੇ ਪਿੱਛੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਹੈ। ਮੈਂ ਤਾਂ ਕਿਸਾਨਾਂ ਦਾ ਇੱਕ ਸੋਲਜ਼ਰ ਹਾਂ, ਇੱਕ ਸੇਵਾਦਾਰ ਹਾਂ ਅਤੇ ਉਸੇ ਤਰ੍ਹਾਂ ਹੀ ਕੰਮ ਕਰਦਾ ਰਹਾਂਗਾ, ਜਿਵੇਂ ਪਹਿਲਾਂ ਕਰਦਾ ਸੀ। ਮੇਰਾ ਪੂਰਾ ਸਮਰਥਨ ਕਿਸਾਨਾਂ ਨਾਲ ਹੈ ਅਤੇ ਉਹ ਜਦੋਂ ਮਰਜ਼ੀ ਮੈਨੂੰ ਜਿੱਥੇ ਵੀ ਹੁਕਮ ਕਰਨਗੇ, ਮੈਂ ਨਾਲ ਖੜ੍ਹਾ ਹਾਂ। ਕਿਸਾਨੀ ਮੋਰਚੇ ਕਰਕੇ ਹੀ ਤਾਂ ਸਾਡੀ ਹੋਂਦ ਬਣੀ ਹੈ।’

ਦੀਪ ਸਿੱਧੂ ਨੇ ਕਿਹਾ ਕਿ ‘ਉਹ ਪੰਜਾਬ ਜਾ ਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ’। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ‘ਕਿਸਾਨੀ ਦੀ ਲੜਾਈ ਵਿੱਚ ਅਗਰ ਕੋਈ ਵੱਧ ਜਾਂ ਘੱਟ ਵੀ ਬੋਲ ਗਿਆ ਤਾਂ ਉਸ ਵੱਲ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ। ਇਸ ਸਮੇਂ ਸਾਡਾ ਨਿਸ਼ਾਨਾ ਚਿੜੀ ਦੀ ਅੱਖ ਹੈ’।

Exit mobile version