The Khalas Tv Blog International PoK ’ਚ ਮਹਿੰਗਾਈ ਨੂੰ ਲੈ ਕੇ ਜ਼ਬਰਦਸਤ ਪ੍ਰਦਰਸ਼ਨ, ASI ਦੀ ਮੌਤ, 70 ਤੋਂ ਵੱਧ ਜ਼ਖ਼ਮੀ, ਰਾਸ਼ਟਰਪਤੀ ਨੇ ਸੱਦੀ ਹੰਗਾਮੀ ਮੀਟਿੰਗ
International

PoK ’ਚ ਮਹਿੰਗਾਈ ਨੂੰ ਲੈ ਕੇ ਜ਼ਬਰਦਸਤ ਪ੍ਰਦਰਸ਼ਨ, ASI ਦੀ ਮੌਤ, 70 ਤੋਂ ਵੱਧ ਜ਼ਖ਼ਮੀ, ਰਾਸ਼ਟਰਪਤੀ ਨੇ ਸੱਦੀ ਹੰਗਾਮੀ ਮੀਟਿੰਗ

ਪਾਕਿਸਤਾਨ ਵਾਲੇ ਪਾਸੇ ਦੇ ਕਸ਼ਮੀਰ (PoK) ਵਿੱਚ ਲਗਾਤਾਰ ਦੂਜੇ ਦਿਨ ਮਹਿੰਗਾਈ ਤੇ ਬਿਜਲੀ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਇਸ ਦੌਰਾਨ ਸ਼ਨੀਵਾਰ ਨੂੰ ਪੁਲਿਸ ਤੇ ਪੀਓਕੇ ਦੀ ਸਿਆਸੀ-ਧਾਰਮਿਕ ਸੰਗਠਨ ਅਵਾਮੀ ਐਕਸ਼ਨ ਕਮੇਟੀ (AAC) ਵਿਚਾਲੇ ਜ਼ਬਰਦਸਤ ਝੜਪ ਹੋਈ। ਇਸ ਵਿੱਚ ਇੱਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ, ਜਦਕਿ 70 ਜ਼ਖਮੀ ਹੋ ਗਏ।

ਜੀਓ ਨਿਊਜ਼ ਮੁਤਾਬਕ ਏਏਸੀ ਨੇ ਪ੍ਰਦਰਸ਼ਨਾਂ ਦੇ ਵਿਚਕਾਰ ਪੂਰੇ ਪੀਓਕੇ ਵਿੱਚ ਬੰਦ ਦੀ ਅਪੀਲ ਕੀਤੀ ਹੈ। ਇਸ ਤੋਂ ਬਾਅਦ ਸਕੂਲਾਂ, ਦਫ਼ਤਰਾਂ, ਰੈਸਟੋਰੈਂਟਾਂ, ਬਾਜ਼ਾਰਾਂ ਅਤੇ ਹੋਰ ਜਨਤਕ ਥਾਵਾਂ ਬੰਦ ਕਰ ਦਿੱਤੀਆਂ ਗਈਆਂ। ਮਕਬੂਜ਼ਾ ਕਸ਼ਮੀਰ ਦੇ ਮਦੀਨਾ ਬਾਜ਼ਾਰ ‘ਚ ਭਾਰੀ ਪੁਲਿਸ ਫੋਰਸ ਤਾਇਨਾਤ ਰਹੀ। ਏਏਸੀ ਵਰਕਰਾਂ ਨੇ ਇੱਥੇ ਰੋਸ ਮਾਰਚ ਕੱਢਿਆ। ਪੁਲਿਸ ਨੇ ਮੁਜ਼ੱਫਰਾਬਾਦ ਦੇ ਰਸਤੇ ‘ਤੇ ਬੈਰੀਕੇਡ ਲਗਾ ਦਿੱਤੇ ਹਨ।

ਇਸ ਤੋਂ ਬਾਅਦ ਇਸਲਾਮਗੜ੍ਹ ਨੇੜੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ। ਪੁਲਿਸ ਨੇ ਇਲਜ਼ਾਮ ਲਾਇਆ ਕਿ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ, ਜਿਸ ‘ਚ ਮੀਰਪੁਰ ਦੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਅਦਨਾਨ ਕੁਰੈਸ਼ੀ ਦੀ ਛਾਤੀ ‘ਚ ਗੋਲੀ ਲੱਗੀ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ, ਜਿਸ ਦੇ ਜਵਾਬ ਵਿੱਚ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕੀਤਾ।

ਰਾਸ਼ਟਰਪਤੀ ਨੇ ਸੱਦੀ ਹੰਗਾਮੀ ਮੀਟਿੰਗ

ਮਕਬੂਜ਼ਾ ਕਸ਼ਮੀਰ ‘ਚ ਵਿਗੜਦੇ ਹਾਲਾਤ ਦਰਮਿਆਨ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕੱਲ੍ਹ ਸੋਮਵਾਰ ਨੂੰ ਐਮਰਜੈਂਸੀ ਮੀਟਿੰਗ ਬੁਲਾਈ ਹੈ। ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹਾਲਾਤ ਸੁਧਾਰਨ ਲਈ ਪ੍ਰਸਤਾਵ ਮੰਗੇ ਹਨ।

PoK ‘ਚ ਧਾਰਾ 144, ਇੰਟਰਨੈੱਟ ਸੇਵਾਵਾਂ ਬੰਦ

ਹਿੰਸਾ ਦੌਰਾਨ ਕਈ ਸਰਕਾਰੀ ਗੱਡੀਆਂ ਨੂੰ ਅੱਗ ਲਾ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ। ਤਣਾਅ ਦੇ ਮੱਦੇਨਜ਼ਰ ਪੀਓਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੀਓਕੇ ਸਰਕਾਰ ਨੇ ਜਨਤਕ ਥਾਵਾਂ ‘ਤੇ ਇਕੱਠੇ ਹੋਣ, ਰੈਲੀਆਂ ਕਰਨ ਅਤੇ ਜਲੂਸ ਕੱਢਣ ‘ਤੇ ਪਾਬੰਦੀ ਲਗਾ ਦਿੱਤੀ ਹੈ।

ਭਿੰਬਰ, ਬਾਗ ਟਾਊਨ, ਮੀਰਪੁਰ ਵਰਗੇ ਕਈ ਇਲਾਕਿਆਂ ਵਿੱਚ ਮੋਬਾਈਲ ਨੈੱਟਵਰਕ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਏਏਸੀ ਦੇ ਬੁਲਾਰੇ ਹਾਫਿਜ਼ ਹਮਦਾਨੀ ਨੇ ਡਾਅਨ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦਾ ਸੂਬੇ ਵਿੱਚ ਹੋ ਰਹੀ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਏਏਸੀ ਨੂੰ ਬਦਨਾਮ ਕਰਨ ਲਈ ਅਜਿਹੇ ਅਨਸਰਾਂ ਨੂੰ ਜਾਣਬੁੱਝ ਕੇ ਧਰਨਿਆਂ ਦਰਮਿਆਨ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ – ਖਰੜ ’ਚ ਹਰਿਆਣਵੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਬੈੱਡ ’ਤੇ ਮਿਲੀ ਖ਼ੂਨ ’ਚ ਲਥਪਥ ਲਾਸ਼
Exit mobile version