The Khalas Tv Blog Punjab 1 ਨਵੰਬਰ ਦੀ ਡਿਬੇਟ ਨੂੰ HS ਫੂਲਕਾ ਨੇ ਦੱਸਿਆ ਵੱਡਾ ਮੌਕਾ ! ਸਰਕਾਰ ਤੇ ਵਿਰੋਧੀਆਂ ਨੂੰ ਵੱਡੀ ਨਸੀਹਤ !
Punjab

1 ਨਵੰਬਰ ਦੀ ਡਿਬੇਟ ਨੂੰ HS ਫੂਲਕਾ ਨੇ ਦੱਸਿਆ ਵੱਡਾ ਮੌਕਾ ! ਸਰਕਾਰ ਤੇ ਵਿਰੋਧੀਆਂ ਨੂੰ ਵੱਡੀ ਨਸੀਹਤ !

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 1 ਨਵੰਬਰ ਦੀ ਡਿਬੇਟ ਨੂੰ ਲੈਕੇ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਆਪ ਆਗੂ HS ਫੂਲਕਾ,ਕੰਵਰ ਸੰਧੂ ਅਤੇ ਡਾ. ਧਰਮਵੀਰ ਗਾਂਧੀ ਦਾ ਨਾਂ ਅੱਗੇ ਕੀਤਾ ਸੀ । ਧਰਮਵੀਰ ਗਾਂਧੀ ਤੋਂ ਬਾਅਦ ਹੁਣ ਐੱਸਐੱਸ ਫੂਲਕਾ ਦਾ ਵੀ ਡਿਬੇਟ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ । ਫੂਲਕਾ ਨੇ ਕਿਹਾ ਜਾਖੜ ਸਾਬ੍ਹ ਨੇ ਮੇਰਾ ਨਾਂ ਅੱਗੇ ਜ਼ਰੂਰ ਕੀਤਾ ਹੈ ਪਰ ਹੁਣ ਤੱਕ ਮੈਨੂੰ ਸਰਕਾਰ ਵੱਲੋਂ ਅਜਿਹਾ ਕੋਈ ਸਦਾ ਨਹੀਂ ਆਈ ਹੈ । ਉਨ੍ਹਾਂ ਨੇ ਕਿਹਾ ਇਸ ਨੂੰ ਡਿਬੇਟ ਦੀ ਤਰ੍ਹਾਂ ਲੈਣਾ ਚਾਹੀਦਾ ਹੈ ਨਾ ਕੀ ਬਹਿਸ ਦੀ ਵਾਂਗ ਜੋਕਿ ਚੋਣਾਂ ਦੌਰਾਨ ਹੁੰਦੀ ਹੈ । ਫੂਲਕਾ ਨੇ ਕਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਹ ਮੌਕਾ ਹੈ ਸਿਆਸੀ ਆਗੂਆਂ ਦੇ ਲਈ,ਲੋਕਾਂ ਦੇ ਸਾਹਮਣੇ ਬੈਠ ਕੇ ਆਪਣੀ ਗੱਲ ਰੱਖਣ ਦਾ ਉਹ ਸੁਣਨਗੇ ਕਿ ਸਾਡੇ ਆਗੂ ਪੰਜਾਬ ਦੇ ਮੁੱਦਿਆਂ ‘ਤੇ ਕੀ ਰਾਇ ਰੱਖ ਦੇ ਹਨ,ਇਸ ਵਿੱਚ ਬਹਿਸ ਘੱਟ ਅਤੇ ਵਿਚਾਰ ਜ਼ਿਆਦਾ ਹੋਣੇ ਚਾਹੀਦੇ ਹਨ । ਉਨ੍ਹਾਂ ਕਿਹਾ ਮੈਂ ਪੰਜਾਬ ਦੇ ਲਈ ਹਮੇਸ਼ਾ ਖੜਾਂ ਹਾਂ ਮੇਰੀ ਡਿਉਟੀ ਜਿਸ ਥਾਂ ‘ਤੇ ਵੀ ਲੋਕ ਲਗਾਉਣਗੇ ਉਹ ਜ਼ਰੂਰ ਪਹੁੰਚਣਗੇ । ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਡਿਬੇਟ ਵਿੱਚ ਹਾਜ਼ਰ ਹੋਣਗੇ ਜਾਂ ਨਹੀਂ। ਪਰ ਦਾਖਾ ਤੋਂ ਸਾਬਕਾ ਵਿਧਾਇਕ ਅਤੇ ’84 ਨਸਲਕੁਸ਼ੀ ਦੇ ਕੇਸ ਲੜ ਰਹੇ HS ਫੂਲਕਾ ਨੇ ਆਪਣੇ ਵੱਲੋਂ ਡਿਬੇਟ ਦੇ ਲਈ ਮੁੱਦੇ ਜ਼ਰੂਰ ਦੱਸ ਦਿੱਤੇ ਹਨ ।

HS ਫੂਲਕਾ ਨੇ ਦੱਸੇ ਮੁੱਦੇ

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸਾਬਕਾ ਆਪ ਵਿਧਾਇਕ ਐੱਸਐੱਸ ਫੂਲਕਾ ਨੇ ਕਿਹਾ 1 ਨਵੰਬਰ ਦੀ ਡਿਬੇਟ ਦਾ ਸਭ ਤੋਂ ਅਹਿਮ ਮੁੱਦਾ SYL ਹੋਣਾ ਚਾਹੀਦਾ ਹੈ । ਜੋਕਿ ਪੰਜਾਬ ਦੀ ਬੰਜਰ ਹੁੰਦੀ ਜ਼ਮੀਨ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਜਿਹੜੇ ਲੋਕ ਕਹਿੰਦੇ ਸਨ ਕਿ ਪੰਜਾਬ ਦੀ ਜ਼ਮੀਨ 20 ਸਾਲ ਬਾਅਦ ਬੰਜਰ ਹੋ ਜਾਵੇਗੀ ਉਹ ਹੁਣ 10 ਸਾਲ ਦੀ ਭਵਿੱਖਵਾੜੀ ਕਰ ਰਹੇ ਹਨ। ਫੂਲਕਾ ਨੇ ਕਿਹਾ ਮੇਰਾ ਬਰਨਾਲ ਜ਼ਿਲ੍ਹਾਂ 2032 ਤੱਕ ਬੰਜਰ ਹੋ ਜਾਵੇਗਾ। ਡਿਬੇਟ ਦਾ ਦੂਜਾ ਮੁੱਦਾ ਫੂਲਕਾ ਨੇ ਨਸ਼ਾ ਦੱਸਿਆ । ਕਿਵੇਂ ਇਸ ਨੂੰ ਖਤਮ ਕਰਕੇ ਪੰਜਾਬ ਦੇ ਹਰ ਉਮਰ ਦੇ ਲੋਕਾਂ ਨੂੰ ਬਚਾਉਣਾ ਹੈ ਇਸ ‘ਤੇ ਗੱਲਬਾਤ ਹੋਣੀ ਚਾਹੀਦੀ ਹੈ। ਤੀਜਾ ਮੁੱਦਾ ਸਿਹਤ ਜਿਸ ਵਿੱਚ ਮੁਹੱਲਾ ਕਲੀਨਿਕ ਅਹਿਮ ਹੈ । ਫਿਰ ਬੇਅਦਬੀ ਅਤੇ SGPC ਦੀਆਂ ਚੋਣਾਂ ਵੱਡੇ ਮੁੱਦੇ ਹਨ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕਮੇਟੀ ਦੀ ਚੋਣ ਕਿਸ ਤਰ੍ਹਾਂ ਸਾਫ ਸੁਥਰੀ ਹੋਵੇ,ਸੰਗਤ ਫੈਸਲਾ ਕਰੇ ਕਿਸ ਨੂੰ ਚੁਣਨਾ ਹੈ । ਸਿਰਫ ਇਨ੍ਹਾਂ ਹੀ ਨਹੀਂ ਐੱਚਐੱਸ ਫੂਲਕਾ ਨੇ ਡਿਬੇਟ ਵਿੱਚ ਨਵੰਬਰ ’84 ਦੇ ਕਤਲੇਆਮ ‘ਤੇ ਵੀ ਵਿਚਾਰ ਕਰਨ ਦੀ ਅਪੀਲ ਕੀਤੀ ਹੈ । ਇਸ ‘ਤੇ ਰਣਨੀਤੀ ਬਣੇ ਕਿ ਦੋਸ਼ੀਆਂ ਨੂੰ ਸਜ਼ਾ ਕਿਵੇਂ ਦਿਵਾਈ ਜਾਵੇ।

ਅਕਾਲੀ ਦਲ ਦਾ ਇਨਕਾਰ,ਕਾਂਗਰਸ ਦੀ ਹਾਂ

ਅਕਾਲੀ ਦਲ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਉਹ 1 ਨਵੰਬਰ ਦੀ ਡਿਬੇਟ ਵਿੱਚ ਹਿੱਸਾ ਨਹੀਂ ਲੈਣਗੇ । ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਸੀ ਕਿ 1 ਨਵੰਬਰ ਨੂੰ ਕੇਂਦਰ ਸਰਕਾਰ ਸਰਵੇਂ ਟੀਮ ਭੇਜ ਰਹੀ ਹੈ ਉਨ੍ਹਾਂ ਦੀ ਪਾਰਟੀ ਦੇ ਆਗੂ ਟੀਮ ਨੂੰ ਪੰਜਾਬ ਵਿੱਚ ਵੜਨ ਨਹੀਂ ਦੇਣਗੇ, ਆਨੰਦਪੁਰ ਸਾਹਿਬ ਜਿੱਥੋਂ SYL ਸ਼ੁਰੂ ਹੁੰਦੀ ਹੈ ਅਤੇ ਕਪੂਰੀ ਜਿੱਥੇ ਇਹ ਹਰਿਆਣਾ ਵਿੱਚ ਦਾਖਲ ਹੁੰਦੀ ਹੈ ਦੋਵੇ ਥਾਵਾਂ ‘ਤੇ ਪਾਰਟੀ ਵਰਕਰ ਮੌਜੂਦ ਹੋਣਗੇ । ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਸੁਪਰੀਮ ਕੋਰਟ ਵਿੱਚ ਸਰਕਾਰ ਨੇ ਪੱਖ ਮਜ਼ਬੂਤੀ ਨਾਲ ਨਹੀਂ ਰੱਖਿਆ,ਬਹਿਸ ਵਿੱਚ ਆਉਣ ਦਾ ਕੋਈ ਫਾਇਤਾ ਨਹੀਂ ਹੈ । ਉਧਰ ਵਿਧਾਨਸਭਾ ਸੈਸ਼ਨ ਦੇ ਪਹਿਲੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੂੰ 1 ਨਵੰਬਰ ਦੀ ਡਿਬੇਟ ਵਿੱਚ ਆਉਣ ਦੀ ਚੁਣੌਤੀ ਦਿੱਤੀ ਤਾਂ ਉਨ੍ਹਾਂ ਨੇ ਹਾਮੀ ਭਰੀ ਸੀ । ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪਹਿਲਾਂ ਅਬੋਹਰ ਵਿੱਚ ਡਿਬੇਟ ਰੱਖਣ ਦੀ ਸ਼ਰਤ ਰੱਖੀ ਫਿਰ ਸਾਬਕਾ ਆਪ ਆਗੂਆਂ ਦੇ ਤਿੰਨ ਨਾਂ ਅੱਗੇ ਕਰਕੇ ਆਪ ਪਿੱਛੇ ਹੋ ਗਏ।

Exit mobile version