ਪ੍ਰਧਾਨ ਮੰਤਰੀ ਮੋਦੀ ਨੇ 14 ਮਈ ਨੂੰ ਆਪਣੀ ਸੰਸਦੀ ਸੀਟ ਵਾਰਾਣਸੀ ਤੋਂ ਆਪਣੀ ਚੋਣ ਨਾਮਜ਼ਦਗੀ ਦਾਖਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਹਲਫ਼ਨਾਮੇ ਮੁਤਾਬਕ ਉਨ੍ਹਾਂ ਦੀ ਜਾਇਦਾਦ 3 ਕਰੋੜ ਰੁਪਏ ਤੋਂ ਵੱਧ ਹੈ। ਇਸ ਵਿੱਚੋਂ ਜ਼ਿਆਦਾਤਰ ਰਕਮ ਬੈਂਕ ਵਿੱਚ ਫਿਕਸਡ ਡਿਪਾਜ਼ਿਟ ਹੈ। ਹਲਫਨਾਮੇ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਕੋਲ 3 ਕਰੋੜ 2 ਲੱਖ 6 ਹਜ਼ਾਰ 889 ਰੁਪਏ ਦੀ ਚੱਲ ਜਾਇਦਾਦ ਹੈ, ਜਿਸ ‘ਚੋਂ ਕਰੀਬ 2.85 ਕਰੋੜ ਰੁਪਏ ਭਾਰਤੀ ਸਟੇਟ ਬੈਂਕ ‘ਚ ਫਿਕਸਡ ਡਿਪਾਜ਼ਿਟ ਹੈ।
ਇਸ ਤੋਂ ਇਲਾਵਾ ਪੀਐਮ ਮੋਦੀ ਕੋਲ ਸੋਨੇ ਦੀਆਂ ਚਾਰ ਮੁੰਦਰੀਆਂ ਹਨ, ਜਿਨ੍ਹਾਂ ਦੀ ਕੀਮਤ 2.67 ਲੱਖ ਰੁਪਏ ਹੈ। ਜਦੋਂ ਕਿ ਪ੍ਰਧਾਨ ਮੰਤਰੀ ਕੋਲ 52 ਹਜ਼ਾਰ 920 ਰੁਪਏ ਨਕਦ ਅਤੇ 9.12 ਲੱਖ ਰੁਪਏ ਦਾ ਨੈਸ਼ਨਲ ਸੇਵਿੰਗ ਸਰਟੀਫਿਕੇਟ ਹੈ। ਪਿਛਲੇ ਵਿੱਤੀ ਸਾਲ ‘ਚ ਪੀਐੱਮ ਮੋਦੀ ਨੇ 3.33 ਲੱਖ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਸੀ।
ਚੋਣ ਹਲਫ਼ਨਾਮੇ ਦੇ ਅਚੱਲ ਜਾਇਦਾਦ ਦੇ ਕਾਲਮ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਆਮ ਤੌਰ ‘ਤੇ ਇਸ ਵਿੱਚ ਜ਼ਮੀਨ ਅਤੇ ਮਕਾਨਾਂ ਦਾ ਵੇਰਵਾ ਦਿੱਤਾ ਜਾਂਦਾ ਹੈ। ਜਸ਼ੋਦਾਬੇਨ ਨੂੰ ਪੀਐਮ ਮੋਦੀ ਦੀ ਪਤਨੀ ਦੱਸਿਆ ਗਿਆ ਹੈ। ਉਸ ਕੋਲ ਕਿੰਨੀ ਜਾਇਦਾਦ ਹੈ, ਇਸ ਦੀ ਜਾਣਕਾਰੀ ਹਲਫ਼ਨਾਮੇ ਵਿੱਚ ਨਹੀਂ ਦਿੱਤੀ ਗਈ ਹੈ।
ਪੀਐਮ ਮੋਦੀ ਦੇ ਖਿਲਾਫ ਕੋਈ ਅਪਰਾਧਿਕ ਮਾਮਲਾ ਲੰਬਿਤ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਅਪਰਾਧ ਲਈ ਦੋਸ਼ੀ ਪਾਏ ਗਏ ਹਨ। ਪੀਐਮ ਮੋਦੀ ਨੂੰ ਅਹਿਮਦਾਬਾਦ ਦਾ ਵਸਨੀਕ ਦੱਸਿਆ ਗਿਆ ਹੈ। ਪੀਐਮ ਮੋਦੀ ਨੇ 1978 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਬੀਏ ਅਤੇ 1983 ਵਿੱਚ ਗੁਜਰਾਤ ਯੂਨੀਵਰਸਿਟੀ ਤੋਂ ਐਮਏ ਦੀ ਡਿਗਰੀ ਪ੍ਰਾਪਤ ਕੀਤੀ।
2019 ਦੀਆਂ ਲੋਕ ਸਭਾ ਚੋਣਾਂ ਵਿੱਚ, ਪੀਐਮ ਮੋਦੀ ਨੇ ਦੱਸਿਆ ਸੀ ਕਿ ਉਹ ਗੁਜਰਾਤ ਦੇ ਗਾਂਧੀਨਗਰ ਵਿੱਚ ਇੱਕ ਰਿਹਾਇਸ਼ੀ ਜ਼ਮੀਨ ਦੇ ਨਾਲ 2.5 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਇਸ ਵਿੱਚੋਂ 1.27 ਕਰੋੜ ਰੁਪਏ ਫਿਕਸ ਡਿਪਾਜ਼ਿਟ ਸਨ। ਇਸ ਦੇ ਨਾਲ ਹੀ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਕੋਲ ਕੁੱਲ ਜਾਇਦਾਦ 1.65 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ – ਪੰਜਾਬ ਦੇ ਪ੍ਰਭਾਕਰ ਕਤਲ ਕੇਸ ਦੀ NIA ਨੇ ਸ਼ੁਰੂ ਕੀਤੀ ਜਾਂਚ