The Khalas Tv Blog India 1 ਰੁਪਏ ’ਚ ਵਿਕਣ ਵਾਲੀ ਕੰਪਨੀ 33 ਹਜ਼ਾਰ ਕਰੋੜ ਦੀ ਕਿਵੇਂ ਬਣੀ?
India International Khaas Lekh Khalas Tv Special Punjab Video

1 ਰੁਪਏ ’ਚ ਵਿਕਣ ਵਾਲੀ ਕੰਪਨੀ 33 ਹਜ਼ਾਰ ਕਰੋੜ ਦੀ ਕਿਵੇਂ ਬਣੀ?

ਅੱਜ ਅਸੀਂ ਉਸ ਸਿੱਖ ਸਨਅਤਕਾਰ ਓਂਕਾਰ ਸਿੰਘ ਕਨਵਰ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਦੂਰਦਰਸ਼ੀ ਨਾਲ ਇੱਕ ਛੋਟੀ ਜਿਹੀ ਕੰਪਨੀ ਨੂੰ ਵਿਸ਼ਵ ਪੱਧਰ ਦੀ ਮਸ਼ਹੂਰ ਬ੍ਰਾਂਡ ਬਣਾ ਦਿੱਤਾ। ਉਨ੍ਹਾਂ ਦੀ ਕੰਪਨੀ ਅਪੋਲੋ ਟਾਇਰਜ ਇੱਕ ਵਾਰ ਤਕਰੀਬਨ ਇੱਕ ਰੁਪਏ ਵਿੱਚ ਵਿਕਣ ਵਾਲੀ ਸਥਿਤੀ ਵਿੱਚ ਪਹੁੰਚ ਗਈ ਸੀ, ਪਰ ਉਨ੍ਹਾਂ ਦੀ ਲਗਨ ਨੇ ਇਸ ਨੂੰ ਅੱਜ 33 ਹਜ਼ਾਰ ਕਰੋੜ ਰੁਪਏ ਦੀ ਵਿਸ਼ਾਲ ਕੰਪਨੀ ਬਣਾ ਦਿੱਤਾ ਹੈ। ਇਹ ਕੰਪਨੀ ਦੁਨੀਆ ਭਰ ਵਿੱਚ ਆਪਣੀ ਪਛਾਣ ਰੱਖਦੀ ਹੈ ਅਤੇ ਭਾਰਤੀ ਕ੍ਰਿਕਟ ਟੀਮ ਦੀ ਸਭ ਤੋਂ ਵੱਡੀ ਸਪਾਂਸਰ ਵਜੋਂ ਵੀ ਜਾਣੀ ਜਾਂਦੀ ਹੈ।

ਪਾਕਿਸਤਾਨ ਦੇ ਸਿਆਲਕੋਟ ਵਿੱਚ ਹੋਇਆ ਓਂਕਾਰ ਸਿੰਘ ਕਨਵਰ ਦਾ ਜਨਮ

ਓਂਕਾਰ ਸਿੰਘ ਕਨਵਰ ਦਾ ਜਨਮ ਪਾਕਿਸਤਾਨ ਦੇ ਸਿਆਲਕੋਟ ਵਿੱਚ ਹੋਇਆ ਸੀ। ਦੇਸ਼ ਵੰਡ ਦੇ ਸਮੇਂ ਉਨ੍ਹਾਂ ਦਾ ਪਰਿਵਾਰ ਸਭ ਕੁਝ ਛੱਡ ਕੇ ਭਾਰਤ ਆ ਗਿਆ। ਨਵੀਂ ਧਰਤੀ ਉੱਤੇ ਨਵੀਂ ਸ਼ੁਰੂਆਤ ਬਹੁਤ ਔਖੀ ਸੀ। ਉਨ੍ਹਾਂ ਦੇ ਪਿਤਾ ਰੌਣਕ ਸਿੰਘ ਨੇ ਭਾਰਤ ਵਿੱਚ ਪਾਈਪ ਮੈਨਿਊਫੈਕਚਰਿੰਗ ਦਾ ਕਾਰੋਬਾਰ ਸ਼ੁਰੂ ਕੀਤਾ। ਓਂਕਾਰ ਸਿੰਘ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ਚਲੇ ਗਏ, ਜਿੱਥੇ ਉਨ੍ਹਾਂ ਨੇ ਉੱਚ ਸਿੱਖਿਆ ਹਾਸਲ ਕੀਤੀ ਅਤੇ ਨੌਕਰੀ ਦਾ ਅਨੁਭਵ ਵੀ ਲਿਆ। 1964 ਵਿੱਚ ਉਹ ਭਾਰਤ ਵਾਪਸ ਆਏ ਅਤੇ ਪਰਿਵਾਰਕ ਕਾਰੋਬਾਰ ਵਿੱਚ ਸ਼ਾਮਲ ਹੋ ਗਏ।

1972 ਵਿੱਚ ਹੋਈ ਅਪੋਲੋ ਟਾਇਰਜ ਦੀ ਸਥਾਪਨਾ

ਪਰਿਵਾਰ ਨੇ ਟਾਇਰ ਉਦਯੋਗ ਵਿੱਚ ਕਦਮ ਰੱਖਿਆ ਅਤੇ 1972 ਵਿੱਚ ਅਪੋਲੋ ਟਾਇਰਜ ਦੀ ਸਥਾਪਨਾ ਹੋਈ। ਸ਼ੁਰੂਆਤੀ ਸਾਲਾਂ ਵਿੱਚ ਕਾਰੋਬਾਰ ਚੰਗਾ ਚੱਲ ਰਿਹਾ ਸੀ, ਪਰ 1975 ਵਿੱਚ ਲੱਗੀ ਐਮਰਜੈਂਸੀ ਨੇ ਸਾਰਾ ਕੁਝ ਉਲਟਾ ਦਿੱਤਾ। ਆਰਥਿਕ ਮੰਦੀ ਅਤੇ ਸਰਕਾਰੀ ਨੀਤੀਆਂ ਕਾਰਨ ਕੰਪਨੀ ਗੰਭੀਰ ਸੰਕਟ ਵਿੱਚ ਫਸ ਗਈ। ਹਾਲਾਤ ਇੰਨੇ ਖ਼ਰਾਬ ਹੋ ਗਏ ਕਿ ਰੌਣਕ ਸਿੰਘ ਇਸ ਨੂੰ ਲਗਭਗ ਇੱਕ ਰੁਪਏ ਵਿੱਚ ਵੇਚਣ ਲਈ ਤਿਆਰ ਹੋ ਗਏ ਸਨ। ਇਸ ਮੋਕੇ ਉੱਤੇ ਓਂਕਾਰ ਸਿੰਘ ਨੇ ਆਗੂਆਈ ਸੰਭਾਲੀ ਅਤੇ ਪਿਤਾ ਨੂੰ ਵਾਅਦਾ ਕੀਤਾ ਕਿ ਉਹ ਕੰਪਨੀ ਨੂੰ ਬਚਾ ਲੈਣਗੇ। ਉਨ੍ਹਾਂ ਨੇ ਲਗਾਤਾਰ ਮਿਹਨਤ, ਨਵੀਨਤਾਕਾਰੀ ਫੈਸਲੇ ਅਤੇ ਚੁਣੌਤੀਆਂ ਨਾਲ ਲੜਦਿਆਂ ਕੰਪਨੀ ਨੂੰ ਨਵੀਂ ਉਡਾਣ ਭਰਵਾਈ।

ਹੋਲੀ-ਹੋਲੀ ਅਪੋਲੋ ਟਾਇਰਜ ਨੇ ਭਾਰਤੀ ਬਾਜ਼ਾਰ ਵਿੱਚ ਮਜ਼ਬੂਤ ਪਕੜ ਬਣਾਈ ਅਤੇ ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਵਿਸਥਾਰ ਕੀਤਾ। ਅੱਜ ਇਸ ਕੰਪਨੀ ਦਾ ਕੁੱਲ ਕਾਰੋਬਾਰ ਲਗਭਗ 2.3 ਅਰਬ ਅਮਰੀਕੀ ਡਾਲਰ ਹੈ ਅਤੇ ਇਹ ਦੁਨੀਆ ਦੀਆਂ ਟਾਪ 20 ਟਾਇਰ ਨਿਰਮਾਤਾ ਕੰਪਨੀਆਂ ਵਿੱਚ ਸ਼ਾਮਲ ਹੈ। ਕੰਪਨੀ ਕੋਲ ਦੁਨੀਆ ਭਰ ਵਿੱਚ 7 ਆਧੁਨਿਕ ਮੈਨਿਊਫੈਕਚਰਿੰਗ ਪਲਾਂਟ ਹਨ। ਇਸ ਨੇ ਭਾਰਤੀ ਟਾਇਰ ਉਦਯੋਗ ਵਿੱਚ ਇੱਕ ਮਹੱਤਵਪੂਰਨ ਥਾਂ ਬਣਾਈ ਹੈ। ਹਾਲ ਹੀ ਵਿੱਚ ਇਸ ਨੂੰ ਏਸ਼ੀਆ ਅਤੇ ਯੂਰਪ ਵਿੱਚ ਸਰਵੋਤਮ ਕੰਪਨੀ ਵਜੋਂ ਮਾਨਤਾ ਮਿਲੀ ਹੈ।

 

Journey of Apollo Tyres Founder Onkar Singh Kanwar । KNOWLEDGE BULLETIN-159 । THE KHALAS TV

ਨਵੰਬਰ 2015 ਵਿੱਚ ਅਪੋਲੋ ਟਾਇਰਜ ਨੇ ਜਰਮਨੀ ਦੀ ਮਸ਼ਹੂਰ ਟਾਇਰ ਡਿਸਟ੍ਰੀਬਿਊਟਰ ਕੰਪਨੀ ਰਾਈਫਨਕਾਮ ਜੀਐਮਬੀਐਚ ਨੂੰ ਟੇਕਓਵਰ ਕੀਤਾ, ਜਿਸ ਨਾਲ ਉਨ੍ਹਾਂ ਦੀ ਯੂਰਪੀ ਬਾਜ਼ਾਰ ਵਿੱਚ ਮੌਜੂਦਗੀ ਹੋਰ ਮਜ਼ਬੂਤ ਹੋਈ। ਓਂਕਾਰ ਸਿੰਘ ਨੇ ਆਪਣੇ ਕਾਰੋਬਾਰ ਨੂੰ ਸਿਰਫ ਟਾਇਰ ਤੱਕ ਸੀਮਿਤ ਨਹੀਂ ਰੱਖਿਆ। ਉਨ੍ਹਾਂ ਨੇ ਹੈਲਥਕੇਅਰ ਖੇਤਰ ਵਿੱਚ ਵੀ ਕਦਮ ਰੱਖਿਆ ਅਤੇ ਆਰਟੈਮਿਸ ਹਸਪਤਾਲਾਂ ਦੀ ਸਥਾਪਨਾ ਕੀਤੀ, ਜੋ ਉੱਤਰੀ ਭਾਰਤ ਵਿੱਚ ਇੱਕ ਪ੍ਰਮੁੱਖ ਸਪੈਸ਼ਲਿਟੀ ਹਸਪਤਾਲ ਚੇਨ ਹੈ।

ਪਿਛਲੇ ਸਾਲ ਅਪੋਲੋ ਟਾਇਰਜ ਨੇ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਸਪਾਂਸਰਸ਼ਿਪ ਲਈ ਤਿੰਨ ਸਾਲਾਂ ਲਈ 579 ਕਰੋੜ ਰੁਪਏ ਦੀ ਵੱਡੀ ਡੀਲ ਕੀਤੀ। ਇਸ ਤਹਿਤ ਹਰ ਮੈਚ ਲਈ ਲਗਭਗ 4.5 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਸੌਦਾ ਭਾਰਤੀ ਖੇਡ ਉਦਯੋਗ ਵਿੱਚ ਇੱਕ ਵੱਡੀ ਘਟਨਾ ਬਣੀ।

ਓਂਕਾਰ ਸਿੰਘ ਕਨਵਰ ਦੀ ਜ਼ਿੰਦਗੀ ਇੱਕ ਸੱਚੀ ਪ੍ਰੇਰਣਾ ਹੈ। ਉਨ੍ਹਾਂ ਨੇ ਸਾਬਤ ਕੀਤਾ ਕਿ ਵਿਰਾਸਤ ਵਿੱਚ ਮਿਲੀ ਦੌਲਤ ਤੋਂ ਵਧ ਕੇ ਆਪਣੀ ਮਿਹਨਤ ਅਤੇ ਇਰਾਦਿਆਂ ਨਾਲ ਬਣਾਈ ਗਈ ਕਿਸਮਤ ਵਧੇਰੇ ਮਜ਼ਬੂਤ ਹੁੰਦੀ ਹੈ। ਉਨ੍ਹਾਂ ਦੀ ਕਹਾਣੀ ਯੁਵਕਾਂ ਨੂੰ ਸਿਖਾਉਂਦੀ ਹੈ ਕਿ ਸਖ਼ਤ ਮਿਹਨਤ, ਧੀਰਜ ਅਤੇ ਸਮੇਂ ਦੀ ਚੁਣੌਤੀਆਂ ਨਾਲ ਲੜਨ ਦੀ ਤਾਕਤ ਨਾਲ ਕੋਈ ਵੀ ਅਸੰਭਵ ਲੱਗਣ ਵਾਲਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਅਪੋਲੋ ਟਾਇਰਜ ਅੱਜ ਭਾਰਤੀ ਉਦਯੋਗਿਕ ਸਫਲਤਾ ਦਾ ਇੱਕ ਚਮਕਦਾ ਉਦਾਹਰਣ ਹੈ ਜੋ ਵਿਸ਼ਵ ਭਰ ਵਿੱਚ ਭਾਰਤੀ ਉੱਦਮੀਆਂ ਦੀ ਕਾਬਲੀਅਤ ਨੂੰ ਦਰਸਾਉਂਦਾ ਹੈ।ਇਸ ਤਰ੍ਹਾਂ ਓਂਕਾਰ ਸਿੰਘ ਕਨਵਰ ਨੇ ਨਾ ਸਿਰਫ ਆਪਣੇ ਪਰਿਵਾਰ ਲਈ ਇੱਕ ਵੱਡਾ ਉਦਯੋਗ ਖੜ੍ਹਾ ਕੀਤਾ ਬਲਕਿ ਸਮੁੱਚੀ ਭਾਰਤੀ ਆਰਥਿਕਤਾ ਵਿੱਚ ਵੀ ਯੋਗਦਾਨ ਪਾਇਆ।

 

 

Exit mobile version