The Khalas Tv Blog Punjab ਪੰਜਾਬ ਦੇ ਹਸਪਤਾਲਾਂ ‘ਚ ਨਹੀਂ ਹੋਣਗੇ ਗੈਰ-ਜ਼ਰੂਰੀ ਆਪ੍ਰੇਸ਼ਨ
Punjab

ਪੰਜਾਬ ਦੇ ਹਸਪਤਾਲਾਂ ‘ਚ ਨਹੀਂ ਹੋਣਗੇ ਗੈਰ-ਜ਼ਰੂਰੀ ਆਪ੍ਰੇਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਪੰਜਾਬ ਵਿੱਚ ਕੋਵਿਡ-19 ਦੇ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਸਤੇ ਸਾਰੇ ਹਸਪਤਾਲਾਂ ਵਿੱਚ ਗ਼ੈਰ-ਜ਼ਰੂਰੀ ਆਪ੍ਰੇਸ਼ਨ  ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ ਕੋਵਿਡ ਦੀ ਦੂਜੀ ਲਹਿਰ ਨੂੰ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਲਈ 75 ਫੀਸਦੀ ਬੈੱਡ ਰਾਖਵੇਂ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।

ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ

ਪ੍ਰਸ਼ਾਸਕੀ ਸਕੱਤਰਾਂ, ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨਾਲ ਸੂਬੇ ਵਿੱਚ ਕੋਵਿਡ-19 ਦੀ ਸਥਿਤੀ ਬਾਰੇ ਇੱਕ ਜਾਇਜ਼ਾ ਮੀਟਿੰਗ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਵਾਸਤੇ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇਹ ਵੈਕਸੀਨ ਪੂਰੀ ਸੁਰੱਖਿਅਤ ਹੈ ਅਤੇ ਮਹਾਂਮਾਰੀ ਨੂੰ ਹਰਾਉਣ ਵਾਸਤੇ ਇੱਕੋ-ਇੱਕ ਰਾਹ ਹੈ।

ਕੋਵਿਡ ਪੋਰਟਲ ਲਗਾਤਾਰ ਅਪਡੇਟ ਕਰਨ ਦੇ ਨਿਰਦੇਸ਼

ਉਹਨਾਂ ਨੇ ਪ੍ਰਸ਼ਾਸਨ ਨੂੰ ਕੋਵਿਡ ਕਾਰਨ ਪਾਜ਼ੀਟਿਵ ਆਏ ਮਰੀਜ਼ਾਂ ਨੂੰ ਇਕਾਂਤਵਾਸ ਦੌਰਾਨ ‘ਕਰੋਨਾ ਫਤਿਹ ਕਿੱਟ’ ਅਤੇ ‘ਫੂਡ ਕਿੱਟ’ ਉਸੇ ਦਿਨ ਹੀ ਮੁਹੱਈਆ ਕਰਵਾਉਣ ਲਈ ਕਿਹਾ ਹੈ। ਵਿਨੀ ਮਹਾਜਨ ਨੇ ਕਰੋਨਾ ਕਾਰਨ ਬਣਾਈ ਕੋਵਿਨ ਪੋਰਟਲ ਨੂੰ ਰੋਜ਼ਮਰਾ ਦੇ ਅਧਾਰ ’ਤੇ ਅਪਡੇਟ ਕਰਨ ਨੂੰ ਯਕੀਨੀ ਬਣਾਉਣ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਨਿਯਮਤ ਤੌਰ ’ਤੇ ਕੋਵਿਡ ਪੋਰਟਲ ਨੂੰ ਅਪਡੇਟ ਕਰਨ ਨਾਲ ਵੈਕਸੀਨ ਦੀ ਉਪਲੱਬਧਤਾ ਦੀ ਮੌਜੂਦਾ ਸਥਿਤੀ ਨੂੰ ਜਾਨਣ ਵਿੱਚ ਮਦਦ ਮਿਲੇਗੀ।

ਉਹਨਾਂ ਨੇ ਵੈਕਸੀਨ ਦੀ ਬਰਬਾਦੀ ਘਟਾਏ ਜਾਣ ‘ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਵੈਕਸੀਨੇਸ਼ਨ ਸੈਂਟਰ ਲੋਕਾਂ ਦੇ ਵਧੇਰੇ ਟੀਕਾਕਰਨ ਵਾਸਤੇ ਢੁਕਵੇਂ ਹਨ ਅਤੇ ਪ੍ਰਤੀ ਸੈਸ਼ਨ ਘੱਟੋ-ਘੱਟ 100 ਲਾਭਪਾਤਰੀਆਂ ਨੂੰ ਇਸ ਤਹਿਤ ਲਿਆਉਣਾ ਚਾਹੀਦਾ ਹੈ। ਉਹਨਾਂ ਨੇ ਸਬੰਧਤ ਵਿਭਾਗਾਂ ਨੂੰ ਇਹ ਯਕੀਨੀ ਬਣਾਉਣ ਵਾਸਤੇ ਕਿਹਾ ਹੈ ਕਿ ਜੇ ਵੈਕਸੀਨ ਦੀ ਵਰਤੋਂ ਵੱਖ-ਵੱਖ ਥਾਂਵਾਂ ਉੱਤੇ ਨਹੀਂ ਹੁੰਦੀ ਤਾਂ ਇਹ ਜ਼ਿਲ੍ਹਾ, ਸਬ-ਡਵੀਜ਼ਨ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਦਿੱਤੀ ਜਾਵੇ।

SGPC ਦੀ ਸ਼ਲਾਘਾ

ਕੋਵਿਡ ਵਿਰੁੱਧ ਜੰਗ ਵਿੱਚ ਧਾਰਮਿਕ ਅਤੇ ਸਮਾਜਕ ਲੀਡਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕਰਦੇ ਹੋਏ ਮਹਾਜਨ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਬਿਮਾਰੀ ਨਾਲ ਲੜਨ ਲਈ ਆਪਣਾ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ ।

ਸਿਹਤ ਵਰਕਰਾਂ ਦੀ ਪਿੱਠ ਥਾਪੜੀ

ਵਿਨੀ ਮਹਾਜਨ ਨੇ ਸਿਹਤ ਅਤੇ ਪਹਿਲੀ ਕਤਾਰ ਦੇ ਵਰਕਰਾਂ ਦੀ ਆਪਣੀ ਡਿਊਟੀ ਸੰਜੀਦਗੀ ਅਤੇ ਸਮਰਪਨ ਦੀ ਭਾਵਨਾ ਨਾਲ ਨਿਭਾਉਣ ਲਈ ਪਿੱਠ ਥਾਪੜਦਿਆਂ ਕਿਹਾ ਕਿ ਓਪੀਡੀ ਮਰੀਜ਼ਾਂ ਨੂੰ ਟੈਸਟਿੰਗ ਅਤੇ ਵੈਕਸੀਨੇਸ਼ਨ ਲਈ ਉਤਸ਼ਾਹਿਤ ਕੀਤਾ ਜਾਵੇ। ਆਪਣੇ ਘਰਾਂ ਅੰਦਰ ਇਕਾਂਤਵਾਸ ਵਿੱਚ ਰਹਿ ਰਹੇ ਅਤਿ-ਜੋਖਮ ਵਾਲੇ ਮਰੀਜ਼ਾਂ ਦੇ ਘਰਾਂ ਵਿੱਚ ਸਿਹਤ ਟੀਮਾਂ ਵੱਲੋਂ ਹਰੇਕ ਦੋ ਦਿਨਾਂ ਬਾਅਦ ਦੌਰਾ ਕੀਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਸੈਂਪਲਿੰਗ ਟੀਮਾਂ ਨੂੰ ਮਜ਼ਬੂਤ ਬਣਾਉਣ ਅਤੇ ਪਾਜ਼ੀਟਿਵ ਦਰ 5 ਫੀਸਦੀ ਤੋਂ ਘੱਟ ਲਿਆਉਣ ਲਈ ਵੀ ਕਿਹਾ ਹੈ।

ਆਕਸੀਜਨ ਬਾਰੇ ਭਰਮ-ਭੁਲੇਖੇ ਕੀਤੇ ਦੂਰ

ਉਹਨਾਂ ਨੇ ਸੂਬੇ ਵਿੱਚ ਆਕਸੀਜਨ ਦੀ ਕਮੀ ਦੀਆਂ ਅਫ਼ਵਾਹਾਂ ਦੇ ਸਬੰਧ ਵਿੱਚ ਕਿਹਾ ਕਿ ਸੂਬੇ ਕੋਲ ਢੁੱਕਵੀਂ ਮਾਤਰਾ ਵਿੱਚ ਮੈਡੀਕਲ ਆਕਸੀਜਨ ਮੌਜੂਦ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਆਕਸੀਜਨ ਦੀ ਜ਼ਖ਼ੀਰੇਬਾਜ਼ੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਗੈਰ-ਕਾਨੂੰਨੀ ਸਰਗਰਮੀਆਂ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਕਾਂ ਨੂੰ ਰੋਜ਼ਮਰਾ ਦੇ ਅਧਾਰ ’ਤੇ ਆਕਸੀਜਨ ਦੀ ਮੰਗ ਅਤੇ ਸਪਲਾਈ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਵਾਸਤੇ ਕਿਹਾ। ਉਨ੍ਹਾਂ ਨੇ ਵੈਕਸੀਨੇਸ਼ਨ ਵਾਸਤੇ ਯੋਗ ਵਿਅਕਤੀਆਂ ਦੀ ਲਾਮਬੰਦੀ ਲਈ ਦਿਹਾਤੀ ਇਲਾਕਿਆਂ ਵਿੱਚ ਬੀਐੱਲਓ ਤਾਇਨਾਤ ਕਰਨ ਲਈ ਵੀ ਕਿਹਾ।

Exit mobile version