ਮੁਹਾਲੀ : ਸੂਬਾ ਸਰਕਾਰ ਪੰਜਾਬ ਦੇ ਲੋਕਾਂ ਨੂੰ ਘਰ-ਘਰ ਰਾਸ਼ਨ ਮੁਹੱਈਆ ਕਰਵਾਉਣ ਲਈ ਆਟੇ ਦੀ ਹੋਮ ਡਿਲੀਵਰੀ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ 27 ਨਵੰਬਰ ਤੋਂ ਸੂਬੇ ਵਿਚ ਕਣਕ-ਆਟੇ ਦੀ ਹੋਮ ਡਲਿਵਰੀ ਸ਼ੁਰੂ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਖ਼ੁਰਾਕ ਤੇ ਸਪਲਾਈ ਵਿਭਾਗ ਨੇ ਇਸ ਯੋਜਨਾ ਨੂੰ ਅੰਤਿਮ ਛੋਹਾਂ ਤਾਂ ਦੇ ਦਿੱਤੀਆਂ ਹਨ ਪਰ ਰਸਮੀ ਤੌਰ ’ਤੇ ਇਸ ਦੀ ਸ਼ੁਰੂਆਤ ਦਸੰਬਰ ਦੇ ਅੱਧ ਤੋਂ ਹੋਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਗੁਰਪੁਰਬ ਤੋਂ ਇਸ ਨਵੀਂ ਯੋਜਨਾ ਦੀ ਸਾਫ਼ਟ ਲਾਂਚਿੰਗ ਕਰ ਸਕਦੇ ਹਨ। ਜੇਕਰ ਕੋਈ ਰੁਕਾਵਟ ਆਈ ਤਾਂ ਵੀ ਅਨਾਜ ਦੀ ਹੋਮ ਡਲਿਵਰੀ ਨਵੇਂ ਵਰ੍ਹੇ ਤੋਂ ਪਹਿਲਾਂ ਸ਼ੁਰੂ ਹੋ ਜਾਵੇਗੀ।
ਪੰਜਾਬ ਕੈਬਨਿਟ ਨੇ ਪਿਛਲੇ ਸਾਲ 3 ਮਈ ਨੂੰ ਆਟੇ ਦੀ ਹੋਮ ਡਲਿਵਰੀ ਸ਼ੁਰੂ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਸੀ ਅਤੇ ਪਹਿਲੀ ਅਕਤੂਬਰ ਤੋਂ ਇਸ ਸਕੀਮ ਦੀ ਸ਼ੁਰੂਆਤ ਹੋਣੀ ਸੀ। ਉਸ ਸਮੇਂ ਸਰਕਾਰ ਦੇ ਇਸ ਫ਼ੈਸਲੇ ਨੂੰ ਡਿਪੂ ਹੋਲਡਰਾਂ ਨੇ ਹਾਈ ਕੋਰਟ ’ਚ ਚੁਨੌਤੀ ਦਿੱਤੀ ਸੀ ਜਿਸ ਕਰਕੇ ਇਹ ਮਾਮਲਾ ਪਛੜ ਗਿਆ ਸੀ। ਹੁਣ ਸੂਬਾ ਸਰਕਾਰ ਇਸ ਸਕੀਮ ਨੂੰ ਆਗਾਮੀ ਪੰਚਾਇਤੀ ਅਤੇ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸ਼ੁਰੂ ਕਰਨਾ ਚਾਹੁੰਦੀ ਹੈ ਤਾਂ ਜੋ ਇਸ ਦਾ ਸਿਆਸੀ ਲਾਹਾ ਲਿਆ ਜਾ ਸਕੇ।
ਕੌਮੀ ਖ਼ੁਰਾਕ ਸੁਰੱਖਿਆ ਐਕਟ ਤਹਿਤ ਅਕਤੂਬਰ ਤੋਂ ਦਸੰਬਰ ਦੀ ਕਣਕ ਦੀ ਐਲੋਕੇਸ਼ਨ ਹੋ ਚੁੱਕੀ ਹੈ ਅਤੇ ਇਸ ਨੂੰ ਵੰਡਣ ਦਾ ਕੰਮ ਚੱਲ ਰਿਹਾ ਹੈ। ਸਕੀਮ ਰਸਮੀ ਤੌਰ ’ਤੇ ਦਸੰਬਰ ਵਿਚ ਸ਼ੁਰੂ ਹੋਣ ਮਗਰੋਂ ਜਨਵਰੀ ਵਿਚ ਵੰਡੀ ਜਾਣ ਵਾਲੀ ਕਣਕ/ਆਟੇ ਦੀ ਲਾਭਪਾਤਰੀਆਂ ਨੂੰ ਹੋਮ ਡਲਿਵਰੀ ਮਿਲੇਗੀ। ਸਰਕਾਰ ਨੇ ਪਹਿਲਾਂ ਹੀ ਕਣਕ ਦੀ ਪਿਸਾਈ ਲਈ ਤਿੰਨ ਦਰਜਨ ਆਟਾ ਮਿੱਲਾਂ ਦੀ ਪਛਾਣ ਕਰ ਲਈ ਹੈ। ਦੋ ਟੈਂਡਰਾਂ ਮਗਰੋਂ ਚਾਰ ਵਿਕਰੇਤਾਵਾਂ ਨੂੰ ਆਟਾ ਜਾਂ ਕਣਕ ਪਹੁੰਚਾਉਣ ਦਾ ਕੰਮ ਅਲਾਟ ਕੀਤਾ ਗਿਆ ਹੈ। ਅਨਾਜ ਦੀ ਵੰਡ ਤਿਮਾਹੀ ਦੀ ਥਾਂ ਹੁਣ ਮਾਸਿਕ ਆਧਾਰ ’ਤੇ ਕੀਤੀ ਜਾਵੇਗੀ। ਇਸ ਸਕੀਮ ’ਤੇ ਸਰਕਾਰ ਨੂੰ 670 ਕਰੋੜ ਦੀ ਲਾਗਤ ਆਵੇਗੀ।
ਜਾਣਕਾਰੀ ਮੁਤਾਬਕ ਅਨਾਜ ਦੀ ਪੰਜ ਕਿੱਲੋ ਅਤੇ ਦਸ ਕਿੱਲੋ ਦੀ ਪੈਕਿੰਗ ਕੀਤੀ ਜਾਵੇਗੀ। ਕਰੀਬ 1.41 ਕਰੋੜ ਲਾਭਪਾਤਰੀ ਇਸ ਸਕੀਮ ਦਾ ਫ਼ਾਇਦਾ ਲੈਣਗੇ ਅਤੇ ਹਰ ਮਹੀਨੇ 72,500 ਮੀਟਰਿਕ ਟਨ ਅਨਾਜ ਵੰਡਿਆ ਜਾਵੇਗਾ।