‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਸੂਬੇ ਵਿੱਚ ਸਖਤੀ ਵਧਾਈ ਗਈ ਹੈ ਅਤੇ ਜ਼ਰੂਰੀ ਅਤੇ ਗੈਰ-ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਖੋਲ੍ਹਣ ਲਈ ਵੱਖ-ਵੱਖ ਸਮਾਂ ਤੈਅ ਕੀਤਾ ਗਿਆ ਹੈ, ਜਿਸ ਨਾਲ ਬਾਜ਼ਾਰਾਂ ਵਿੱਚ ਭੀੜ ਹੋਣ ਤੋਂ ਬਚਿਆ ਜਾ ਸਕਦਾ ਹੈ। ਜ਼ਰੂਰੀ ਵਸਤੂਆਂ ਜਿਵੇਂ ਕਿ ਦੁੱਧ, ਫਲ, ਸਬਜ਼ੀਆਂ ਦੀ ਸਪਲਾਈ ਲਗਾਤਾਰ ਜਾਰੀ ਰਹੇਗੀ, ਉੱਥੇ ਹੀ ਹੁਣ ਸ਼ਰਾਬ ਨੂੰ ਵੀ ਜ਼ਰੂਰੀ ਵਸਤੂਆਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ। ਕਮਿਸ਼ਨਰੇਟ ਪੁਲੀਸ ਵੱਲੋਂ ਕੋਵਿਡ ਸਬੰਧੀ ਜਿਹੜੀਆਂ ਪਾਬੰਦੀਆਂ ‘ਤੇ ਦੁਕਾਨਾਂ ਖੋਲ੍ਹਣ ਦੇ ਸਮੇਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਉਸ ਮੁਤਾਬਕ ਜਲੰਧਰ ਵਿੱਚ ਸ਼ਰਾਬ ਦੇ ਹੋਲਸੇਲ ਅਤੇ ਪ੍ਰਚੂਨ ਦੇ ਠੇਕੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ 3 ਵਜੇ ਤੋਂ 5 ਵਜੇ ਤੱਕ ਦੋ ਘੰਟਿਆਂ ਲਈ ਸ਼ਰਾਬ ਦੀ ਹੋਮ ਡੀਲੀਵਰੀ ਕੀਤੀ ਜਾ ਸਕਦੀ ਹੈ।
ਪੁਲੀਸ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਵਿੱਚ ਦੁੱਧ, ਡੇਅਰੀ ਉਤਪਾਦ, ਫਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਖੁੱਲ੍ਹਣ ਦਾ ਸਮਾਂ ਦਿੱਤਾ ਗਿਆ ਹੈ। ਜਿਹੜੀਆਂ ਗੈਰ ਜ਼ਰੂਰੀ ਵਸਤੂਆਂ ਵਾਲੀਆਂ ਸਾਰੀਆਂ ਦੁਕਾਨਾਂ ਹਨ, ਉਹ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਤੋਂ 3 ਵਜੇ ਤੱਕ ਖੁੱਲ੍ਹਣਗੀਆਂ। ਸਾਰੇ ਹਸਪਤਾਲ ਅਤੇ ਦਵਾਈ ਦੀਆਂ ਦੁਕਾਨਾਂ ਸਾਰੇ ਦਿਨ 24 ਘੰਟੇ ਖੁੱਲ੍ਹੀਆਂ ਰਹਿਣਗੀਆਂ। ਇਸੇ ਤਰ੍ਹਾਂ ਪੈਟਰੋਲ ਪੰਪ ਤੇ ਐੱਲਪੀਜੀ ਗੈਸ ਸਟੇਸ਼ਨ ਵੀ ਸਾਰੇ ਦਿਨ 24 ਘੰਟੇ ਖੁੱਲ੍ਹੇ ਰਹਿਣਗੇ।
ਪੁਲਿਸ ਵੱਲੋਂ ਜਾਰੀ ਕੀਤੀ ਸੂਚੀ ਵਿੱਚ ਇਨ੍ਹਾਂ ਦੁਕਾਨਾਂ ਦੀਆਂ ਜਿਹੜੀਆਂ ਸ਼੍ਰੇਣੀਆਂ ਬਣਾਈਆਂ ਗਈਆਂ ਹਨ, ਉਨ੍ਹਾਂ ਵਿੱਚ ਜ਼ਰੂਰੀ ਅਤੇ ਗੈਰ-ਜ਼ਰੂਰੀ ਵਸਤੂਆਂ ਦਾ ਜ਼ਿਕਰ ਕੀਤਾ ਗਿਆ ਹੈ। ਜਿਵੇਂ ਜ਼ਰੂਰੀ ਵਸਤੂਆਂ ਦੀ ਹੋਮ ਡਿਲਿਵਰੀ ਹੋ ਸਕਦੀ ਹੈ, ਉਸੇ ਤਰ੍ਹਾਂ ਸ਼ਰਾਬ ਦੀ ਵੀ ਹੋਮ ਡਿਲਿਵਰੀ ਹੋਵੇਗੀ। ਇਸ ਤਰ੍ਹਾਂ ਹੋਮ ਡਿਲਿਵਰੀ ਦੇ ਸਮੇਂ ਬਾਰੇ ਸ਼ਹਿਰ ਦੇ ਆਬਕਾਰੀ ਵਿਭਾਗ ਦੇ ਅਫਸਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਮੁਲਾਜ਼ਮਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜੇਕਰ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਸ਼ਰਾਬ ਲੈ ਕੇ ਕੋਈ ਕਿਸੇ ਦੇ ਘਰ ਦੇਣ ਜਾ ਰਿਹਾ ਹੈ ਤਾਂ ਪੁਲਿਸ ਉਸ ਨੂੰ ਪ੍ਰੇਸ਼ਾਨ ਨਹੀਂ ਕਰੇਗੀ।