The Khalas Tv Blog Khaas Lekh ਖ਼ਾਲਸਾ ਹੋਲੀ ਛੱਡ ਕੇ ਕਿਉਂ ਮਨਾਉਂਦਾ ਹੈ ਹੋਲਾ-ਮਹੱਲਾ ? ਪੜ੍ਹੋ ਖ਼ਾਸ ਰਿਪੋਰਟ
Khaas Lekh Religion

ਖ਼ਾਲਸਾ ਹੋਲੀ ਛੱਡ ਕੇ ਕਿਉਂ ਮਨਾਉਂਦਾ ਹੈ ਹੋਲਾ-ਮਹੱਲਾ ? ਪੜ੍ਹੋ ਖ਼ਾਸ ਰਿਪੋਰਟ

ਹੋਲੀ ਕੀਨੀ ਸੰਤ ਸੇਵ।।

ਰੰਗੁ ਲਾਗਾ ਅਤਿ ਲਾਲ ਦੇਵ।।

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖ਼ਾਲਸੇ ਦਾ ਕੌਮੀ ਤਿਉਹਾਰ ਹੋਲਾ-ਮਹੱਲਾ ਅੱਜ ਸਮੂਹ ਸਿੱਖ ਕੌਮ ਵੱਲੋਂ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ‘ਦ ਖ਼ਾਲਸ ਟੀਵੀ ਦੀ ਸਾਰੀ ਟੀਮ ਸਾਰੀ ਸਿੱਖ ਕੌਮ ਨੂੰ ਖ਼ਾਲਸੇ ਦਾ ਪ੍ਰਤੀਕ ਤਿਉਹਾਰ ਹੋਲਾ-ਮਹੱਲਾ ਦੀਆਂ ਲੱਖ-ਲੱਖ ਵਧਾਈਆਂ ਦਿੰਦੀ ਹੈ। ਜਦੋਂ ਸਾਰਾ ਭਾਰਤ ਹੋਲੀ ਦਾ ਤਿਉਹਾਰ ਮਨਾ ਰਿਹਾ ਹੈ ਤਾਂ ਸਿੱਖ ਕੌਮ ਹੋਲਾ ਮਨਾ ਰਿਹਾ ਹੈ।

ਸਿੱਖ ਕੌਮ ਹੋਲੀ ਨੂੰ ਛੱਡ ਕੇ ਹੋਲਾ-ਮਹੱਲਾ ਕਿਉਂ ਮਨਾਉਂਦੀ ਹੈ, ਉਹ ਅਸੀਂ ਤੁਹਾਨੂੰ ਇਸ ਖ਼ਾਸ ਰਿਪੋਰਟ ਵਿੱਚ ਦੱਸਾਂਗੇ।

ਹੋਲਾ-ਮਹੱਲਾ ਖ਼ਾਲਸਾ ਪੰਥ ਦਾ ਮਹੱਤਵਪੂਰਨ ਦਿਹਾੜਾ ਹੈ। ਹੋਲੀ ਦੇ ਪ੍ਰਪੰਰਾਗਤ ਢੰਗ,ਤਰੀਕਿਆਂ ਤੋਂ ਹੱਟ ਕੇ ਵਿਲੱਖਣ ਰੂਪ ਵਿੱਚ ਹੋਲਾ-ਮਹੱਲਾ ਮਨਾਏ ਜਾਣ ਦੀ ਆਰੰਭਤਾ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ। ਇਹ ਰਵਾਇਤ ਖ਼ਾਲਸਾ ਪੰਥ ਦੇ ਸਵੈ-ਮਾਣ, ਖ਼ਾਲਸਾਈ ਬੋਲ-ਬਾਲੇ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਮਨੁੱਖਤਾ ਅੰਦਰ ਅਣਖ ਜਗਾਉਣ ਲਈ ਅਤੇ ਜੰਗਜ਼ੂ ਜ਼ਜਬਾ ਭਰਨ ਲਈ ਹੋਲਾ-ਮਹੱਲਾ ਦਾ ਅਹਿਮ ਯੋਗਦਾਨ ਹੈ।

ਹੋਲਾ ਮਹੱਲਾ ਮਨਾਉਣ ਦਾ ਮੰਤਵ ਗੁਰਸਿੱਖਾਂ ਅੰਦਰ ‘ਫ਼ਤਿਹ’ ਦੇ ਅਨੁਭਵ ਨੂੰ ਹੋਰ ਦ੍ਰਿੜ੍ਹ ਕਰਨਾ ਸੀ। ਹੋਲਾ ਮਹੱਲਾ ਦਾ ਆਰੰਭ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤਾ। ‘ਹੋਲੀ’ ਤੇ ‘ਹੋਲਾ ਮਹੱਲਾ’ ਦੋਨਾਂ ਤਿਉਹਾਰਾਂ ਦੀ ਵਿਚਾਰਧਾਰਾ ਵਿੱਚ ਕਾਫੀ ਫਰਕ ਹੈ। ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਜਿੱਥੇ ਹੋਲੀ ਨੂੰ ਇਸ ਦੇ ਪ੍ਰਚੱਲਿਤ ਢੰਗ ਨਾਲ ਖੇਡਣ ਤੋਂ ਪੂਰੀ ਤਰ੍ਹਾਂ ਮਨਾ ਕੀਤਾ ਹੈ, ਉੱਥੇ ਹੀ ਹੋਲੇ ਮਹੱਲੇ ਦਾ ਸਿਧਾਂਤ ਪੇਸ਼ ਕਰਦੇ ਹੋਏ ਇਸ ਨੂੰ ਵਿਲੱਖਣ ਤੇ ਸਾਰਥਿਕ ਅਰਥ ਦਿੱਤੇ ਹਨ।

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਪਰਵਾਦ ਦੀ ਜਾਤੀ ਵੰਡ ਅਧੀਨ ਸ਼ੂਦਰਾਂ ਦੀ ਝੋਲੀ ਵਿੱਚ ਪਾਏ ਤਿਉਹਾਰ ਹੋਲੀ ਦੀ ਰੂਪ ਰੇਖਾ ਹੀ ਬਦਲ ਦਿੱਤੀ ਅਤੇ ਇਸ ਨੂੰ ਜੰਗੀ ਮਸ਼ਕਾਂ ਦੇ ਕੇਂਦਰੀ ਤਿਉਹਾਰ ਵਿੱਚ ਬਦਲ ਕੇ ਇਸ ਦਾ ਨਾਮ ਹੋਲਾ ਮਹੱਲਾ ਰੱਖ ਦਿੱਤਾ, ਜਿਸ ਦਾ ਅਰਥ ਜੰਗੀ ਅਭਿਆਸ ਸੀ ਅਤੇ ਹੱਲਾ ਕਰਨ ਅਤੇ ਰੋਕਣ ਦੀ ਕਿਰਿਆ ਦਾ ਸੂਚਕ ਸੀ।

ਇਹ ਉਹ ਖ਼ਾਲਸਾਈ ਤਿਉਹਾਰ ਹੈ, ਜੋ ਸਿੱਖਾਂ ਨੂੰ ਜੰਗੀ ਕਰਤਵ ਸਿਖਾਉਣ ਅਤੇ ਹਿੰਮਤ, ਅਣਖ, ਦਲੇਰੀ, ਤਿਆਗ, ਕੁਰਬਾਨੀ, ਦ੍ਰਿੜ੍ਹ ਨਿਸ਼ਚਾ, ਚੜ੍ਹਦੀ-ਕਲਾ, ਸਵੈ-ਵਿਸ਼ਵਾਸ, ਸਵੈ-ਰੱਖਿਆ, ਸਵੈ-ਮਾਣ, ਮਨੁੱਖੀ ਆਜ਼ਾਦੀ ਤੇ ਖ਼ਾਲਸਾਈ ਜਜ਼ਬੇ ਨਾਲ ਭਰਪੂਰ ਕਰਨ ਲਈ ਕਾਰਗਰ ਸਾਬਤ ਹੋਇਆ।

ਮਹੱਲਾ ਇਕ ਪ੍ਰਕਾਰ ਦੀ ਮਨਸੂਈ ਲੜਾਈ ਹੈ। ਪੈਦਲ, ਘੋੜਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖਾਸ ਹਮਲੇ ਦੀ ਥਾਂ ਹਮਲਾ ਕਰਦੇ ਹਨ। ਕਲਗੀਧਰ ਆਪ ਇਸ ਬਣਾਉਟੀ ਲੜਾਈ ਨੂੰ ਵੇਖਦੇ ਤੇ ਦੋਨਾਂ ਜੱਥਿਆਂ ਨੂੰ ਲੋੜੀਂਦੀ, ਸਿੱਖਿਆ ਪ੍ਰਦਾਨ ਕਰਦੇ। ਜਿਹੜਾ ਜਥਾ ਜੇਤੂ ਹੁੰਦਾ ਉਸ ਨੂੰ ਸਿਰੋਪਾ ਬਖਸ਼ਿਸ਼ ਕਰਦੇ। ਭਾਈ ਵੀਰ ਸਿੰਘ ਅਨੁਸਾਰ- ਮਹੱਲਾ ਸ਼ਬਦ ਤੋਂ ਭਾਵ ‘ਮਯ ਹੱਲਾ’ ਭਾਵ ਬਨਾਉਟੀ ਹਮਲਾ ਹੈ।

ਇਸ ਤਰ੍ਹਾਂ ਸਪੱਸ਼ਟ ਹੈ ਕਿ ਹੋਲਾ ਮਹੱਲਾ ਦੀ ਰੀਤੀ ਦਾ ਵਿਸ਼ੇਸ਼ ਉਦੇਸ਼ ਸਿੱਖਾਂ ਵਿਚ ਸ਼ਸਤਰਾਂ ਲਈ ਪਿਆਰ ਅਤੇ ਭਗਤੀ ਦੀ ਰੱਖਿਆ ਲਈ ਸ਼ਕਤੀ ਦਾ ਸੰਚਾਰ ਕਰਨਾ ਸੀ। ਇਸ ਨਾਲ ਸ਼ਸਤਰ ਸਿੱਖੀ ਦਾ ਅਟੁੱਟ ਅੰਗ ਬਣ ਗਿਆ। ਪਹਿਲਾਂ ਰੰਗ ਨਹੀਂ ਹੁੰਦੇ ਸੀ, ਇਸ ਲਈ ਲੋਕ ਇੱਕ-ਦੂਜੇ ਉੱਪਰ ਸਵਾਹ ਸੁੱਟਦੇ ਸੀ। ਅੱਜ ਅਸੀਂ ਰੰਗਾਂ ਨਾਲ ਹੋਲੀ ਮਨਾਉਂਦੇ ਹਾਂ, ਜਿਸ ਨਾਲ ਅਸੀਂ ਕਈ ਬਿਮਾਰੀਆਂ ਨੂੰ ਸੱਦਾ ਦਿੰਦੇ ਹਾਂ।

ਗੁਰਬਾਣੀ ਵਿੱਚ ਦੋ ਰੰਗਾਂ ਦਾ ਜ਼ਿਕਰ ਕੀਤਾ ਗਿਆ ਹੈ। ਇੱਕ ਰੰਗ ਹੈ

ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ।।

ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ।।

ਇੱਕ ਨਾਮ ਦਾ ਰੰਗ ਹੈ, ਜਿਹੜਾ ਰੰਗ ਜਾਂਦਾ ਹੈ, ਪਰ ਇਹ ਰੰਗ ਕਿੱਥੋਂ ਮਿਲਦਾ ਹੈ। ਗੁਰਬਾਣੀ ਵਿੱਚ ਫੁਰਮਾਨ ਹੈ ਕਿ

ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ।।

ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ।।

ਖ਼ਾਲਸੇ ਦੀ ਜਨਮ-ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਚੜ੍ਹਦੀਕਲਾ ਦਾ ਪ੍ਰਤੀਕ ਹੋਲਾ-ਮਹੱਲਾ ਪੂਰੇ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ ਅਤੇ ਦੁਨੀਆ ਭਰ ਤੋਂ ਵੱਡੀ ਗਿਣਤੀ ਸੰਗਤਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼੍ਰੀ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ।

ਨਿਹੰਗ ਸਿੰਘਾਂ ਦੇ ਕਈ ਖ਼ਾਲਸਾਈ ਰੰਗ ਇਸ ਮੌਕੇ ਵੇਖਣ ਨੂੰ ਮਿਲਦੇ ਹਨ। ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਨਿਹੰਗ ਫੌਜਾਂ ਰਵਾਇਤੀ ਸ਼ਸਤਰਾਂ ਨਾਲ ਸਜ ਕੇ ਹੋਲਾ-ਮਹੱਲਾ ਵਿੱਚ ਸ਼ਾਮਿਲ ਹੁੰਦੀਆਂ ਹਨ। ਨਿਹੰਗ ਸਿੰਘਾਂ ਵੱਲੋਂ ਗਤਕਾ, ਘੋੜ-ਸਵਾਰੀ, ਨੇਜ਼ੇਬਾਜ਼ੀ ਅਤੇ ਮਾਰਸ਼ਲ ਆਰਟ ਦੇ ਕਈ ਜੌਹਰ ਵਿਖਾਏ ਜਾਂਦੇ ਹਨ। ਗੁਰੂ ਸਾਹਿਬ ਦੀ ਦੇ ਅਤੁੱਟ ਲੰਗਰ 24 ਘੰਟੇ ਵਰਤਦੇ ਰਹਿੰਦੇ ਹਨ।

ਸਿੱਖ ਦੀ ਹੋਲੀ ਤਾਂ ਸਤਿਸੰਗਤ ਵਿੱਚ, ਨਾਮ ਦੇ ਰੰਗ ਵਿੱਚ ਰੰਗੇ ਜਾਣਾ ਹੈ। ਪਰ ਅਸੀਂ ਮੂੰਹ-ਸਿਰ ਲਿਬੇੜਨਾ ਸ਼ੁਰੂ ਕਰ ਦਿੱਤੇ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਦੀ ਜ਼ਿੰਦਗੀ ਦੇ ਵਿੱਚ ਕੇਸਰ ਦਾ ਰੰਗ ਭਰਿਆ ਹੈ। ਕੇਸਰ ਦਾ ਰੰਗ ਭਰਨ ਦੀ ਇੱਕ ਵਜ੍ਹਾ ਹੈ ਕਿਉਂਕਿ ਕੇਸਰ ਦਾ ਰੰਗ ਹੀ ਇੱਕ ਐਸਾ ਬੂਟਾ ਹੈ, ਜਿਸਦੀ ਪੱਤੀ ਵਿੱਚ ਰੰਗ ਵੀ ਹੈ, ਸੁਗੰਧ ਵੀ ਹੈ, ਸਵਾਦ ਵੀ ਹੈ ਅਤੇ ਤਾਕਤ ਵੀ ਹੈ। ਸ਼ਸਤਰ ਵਿਦਿਆ ਤੋਂ ਅਨਜਾਣ ਸਿੱਖ, ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ।

ਸਮੁੱਚਾ ਸਿੱਖ ਜਗਤ ਗੁਰੂ ਸਾਹਿਬ ਵੱਲੋਂ ਪਾਈਆਂ ਪੈੜਾਂ ‘ਤੇ ਚੱਲਦਿਆਂ ਹਰ ਸਾਲ ਹੋਲਾ-ਮਹੱਲਾ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਉਂਦਾ ਹੈ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਸ ਮੌਕੇ ਖ਼ਾਲਸਾ ਪੰਥ ਦਾ ਜਲੌ ਵੇਖਣਯੋਗ ਹੁੰਦਾ ਹੈ।

Exit mobile version