ਹਿੱਟ ਐਂਡ ਰਨ ਮਾਮਲਿਆਂ ਬਾਰੇ ਨਵੇਂ ਕਾਨੂੰਨ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਟਰਾਂਸਪੋਰਟਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਟਰਾਂਸਪੋਰਟ ਸੰਗਠਨ ਨੇ ਡਰਾਈਵਰਾਂ ਨੂੰ ਹੜਤਾਲ ਖ਼ਤਮ ਕਰਨ ਲਈ ਕਿਹਾ ਹੈ। ਸਰਕਾਰ ਨੇ ਜਥੇਬੰਦੀ ਨੂੰ ਕਿਹਾ ਕਿ ਫ਼ਿਲਹਾਲ ਕਾਨੂੰਨ ਲਾਗੂ ਨਹੀਂ ਹੋਵੇਗਾ।
ਦਰਅਸਲ ਕੇਂਦਰੀ ਗ੍ਰਹਿ ਸਕੱਤਰ ਨਾਲ ਟਰਾਂਸਪੋਰਟਰਾਂ ਦੀ ਯੂਨੀਅਨ ਦੀ ਬੈਠਕ ਅੱਜ ਦੇਰ ਸ਼ਾਮ ਹੋਈ ਸੀ। ਇਸ ਬੈਠਕ ਵਿਚ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਹਿੱਟ ਐਂਡ ਰਨ ਦਾ ਨਵਾਂ ਕਾਨੂੰਨ ਹਾਲ ਦੀ ਘੜੀ ਲਾਗੂ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਸਕੱਤਰ ਨੇ ਇਹ ਵੀ ਕਿਹਾ ਕਿ ਟਰਾਂਸਪੋਰਟਰਾਂ ਦਾ ਮਸਲਾ ਛੇਤੀ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਯੂਨੀਅਨ ਨਾਲ ਗੱਲਬਾਤ ਜ਼ਰੂਰ ਕੀਤੀ ਜਾਵੇਗੀ।
ਦੱਸ ਦੇਈਏ ਕਿ ਇਸ ਬੈਠਕ ਵਿਚ ਗਲ ਬਣਦੀ ਹੋਈ ਨਜ਼ਰ ਆਈ ਹੈ। ਅੱਜ ਦੇਸ਼ ਭਰ ਵਿਚ ਟਰਾਂਸਪੋਰਟਰਾਂ ਦੀ ਹੜਤਾਲ ਰਹੀ ਜਿਸ ਕਾਰਨ ਲੋਕਾਂ ਨੂੰ ਵਾਹਵਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੀਟਿੰਗ ਤੋਂ ਬਾਅਦ ਏਆਈਐਮਟੀਸੀ ਅਤੇ ਸਰਕਾਰ ਨੇ ਟਰੱਕ ਡਰਾਈਵਰਾਂ ਨੂੰ ਕੰਮ ’ਤੇ ਪਰਤਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਹੜਤਾਲ ਦਾ ਸਿੱਧਾ ਅਸਰ ਆਮ ਲੋਕਾਂ ‘ਤੇ ਦੇਖਣ ਨੂੰ ਮਿਲਿਆ। ਟਰੱਕਾਂ ਦੀ ਹੜਤਾਲ ਕਾਰਨ ਦੁੱਧ, ਸਬਜ਼ੀਆਂ ਅਤੇ ਫਲ਼ਾਂ ਦੀ ਆਮਦ ਨਹੀਂ ਹੋਈ ਅਤੇ ਇਸ ਦਾ ਸਿੱਧਾ ਅਸਰ ਕੀਮਤਾਂ ‘ਤੇ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਬੰਦ ਹੋਣ ਦੀ ਅਫ਼ਵਾਹ ਤੋਂ ਬਾਅਦ ਪੈਟਰੋਲ ਪੰਪਾਂ ‘ਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ।
ਮੁਹਾਲੀ-ਚੰਡੀਗੜ੍ਹ ‘ਚ ਬਹੁਤ ਸਾਰੇ ਪੈਟਰੋਲ ਪੰਪਾਂ ‘ਤੇ ਪੈਟਰੋਲ ਖ਼ਤਮ ਹੋ ਚੁੱਕੇ ਸਨ। ਆਮ ਲੋਕਾਂ ‘ਚ ਡਰ ਸੀ ਕਿ ਜੇ ਪੈਟਰੋਲ ਖ਼ਤਮ ਹੋਇਆ ਤਾਂ ਮੋਟਰ ਗੱਡੀਆਂ ਕਿਵੇਂ ਚੱਲਣਗੀਆਂ। ਸਾਰੇ ਕੰਮ ਕਰ ਠੱਪ ਹੋ ਜਾਣਗੇ। ਇਸ ਕਰ ਕੇ ਲੋਕ ਪੈਟਰੋਲ ਪਹਿਲਾਂ ਹੀ ਭਰਾ ਕੇ ਰੱਖਣਾ ਚਾਹੁੰਦੇ ਸਨ, ਪਰ ਦੂਜੇ ਪਾਸੇ ਪੈਟਰੋਲ ਪੰਪ ਵਾਲਿਆਂ ਨੇ ਪੈਟਰੋਲ ਪਾਉਣ ਦੀ ਲਿਮਿਟ ਸੈੱਟ ਕਰ ਦਿੱਤੀ ਸੀ ਕਿ ਕੋਈ ਵੀ 200 ਤੋਂ ਵੱਧ ਦਾ ਪੈਟਰੋਲ ਮੋਟਰ ਸਾਈਕਲ ‘ਚ 500 ਤੋਂ ਵੱਧ ਦਾ ਗੱਡੀ ‘ਚ ਨਹੀਂ ਪਵਾ ਸਕੇਗਾ ਤਾਂ ਜੋ ਹਰ ਕਿਸੇ ਨੂੰ ਪੈਟਰੋਲ ਮਿਲ ਸਕੇ।