Gurdwara Sri Fatehgarh Sahib : ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ’ਚ ਅੱਜ 25 ਦਸੰਬਰ ਤੋਂ ਸਾਲਾਨਾ ਸ਼ਹੀਦੀ ਸਭਾ ਸ਼ੁਰੂ ਹੋ ਰਹੀ ਹੈ।
ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਨੂੰ ਮੋਰਿੰਡੇ ਦੇ ਥਾਣੇ ਤੋਂ ਸਰਹਿੰਦ ਵਿਖੇ ਵਜ਼ੀਰ ਖਾਨ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
11 ਪੋਹ ਦਾ ਇਤਿਹਾਸ
ਰਾਤ ਦੇ ਗੁਜਰ ਜਾਣ ਤੋਂ ਬਾਅਦ 11 ਪੋਹ ਦਾ ਦਿਨ ਚੜ੍ਹਦਾ ਹੈ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪਹਿਲੇ ਦਿਨ ਪੇਸ਼ ਕੀਤਾ ਜਾਂਦਾ ਹੈ।
ਕਚਹਿਰੀ ਦਾ ਪਹਿਲਾ ਦਿਨ
ਅੱਜ ਦੇ ਦਿਨ ਸਾਹਿਬਜ਼ਾਦਿਆਂ ਦੀ ਸੂਬੇ ਦੀ ਕਚਹਿਰੀ ‘ਚ ਪਹਿਲੀ ਪੇਸ਼ੀ ਹੋਈ। ਗੁਰੂ ਲਾਲਾਂ ਨੂੰ ਧਨ ਪਦਾਰਥਾਂ, ਰਾਜ ਭਾਗ, ਜਾਗੀਰਾਂ ਆਦਿ ਦੇ ਅਨੇਕਾਂ ਹੀ ਲਾਲਚ ਦਿੱਤੇ ਗਏ ਪਰ ਸਾਹਿਬਜ਼ਾਦਿਆਂ ਨੂੰ ਕੋਈ ਵੀ ਲਾਲਚ ਧਰਮ ਤੋਂ ਡੁਲਾ ਨਾ ਸਕਿਆ।
ਸੂਬਾ ਸਰਹੰਦ ਦੀ ਕਚਹਿਰੀ ਲੱਗਦੀ ਹੈ ਅਤੇ ਦੋ ਸਿਪਾਹੀ ਨੇਜੇ ਅਤੇ ਤਲਵਾਰਾਂ ਲੈਕੇ ਸਾਹਿਬਜ਼ਾਦਿਆਂ ਨੂੰ ਲੈਣ ਲਈ ਆਉਂਦੇ ਹਨ ਤਾਂ ਮਾਤਾ ਜੀ ਸਿਪਾਹੀਆਂ ਤੋਂ ਪੁੱਛਦੇ ਹਨ ਕਿ ਸਾਹਿਬਜ਼ਾਦਿਆਂ ਦਾ ਕੋਈ ਵੀ ਕਸੂਰ ਨਹੀਂ ਹੈ ਅਤੇ ਤੁਸੀਂ ਬਿਨਾਂ ਦੋਸ਼ ਤੋਂ ਕਚਹਿਰੀ ਕਿਸ ਤਰ੍ਹਾਂ ਲਿਜਾ ਸਕਦੇ ਹੋ ਤਾਂ ਸਿਪਾਹੀ ਆਪਣਾ ਪੱਖ ਰੱਖਦੇ ਹਨ ਕਿ ਸੂਬਾ ਸਰਹੰਦ ਨਾਲ ਮਿਲਾ ਕੇ ਵਾਪਿਸ ਛੱਡ ਜਾਵਾਂਗੇ।
ਮਾਤਾ ਜੀ ਤੋਂ ਆਗਿਆ ਲੈਕੇ ਛੋਟੇ ਸਾਹਿਬਜ਼ਾਦੇ ਸਿਪਾਹੀਆਂ ਦੇ ਨਾਲ ਚੱਲ ਪੈਂਦੇ ਹਨ ਅਤੇ ਰਾਸਤੇ ਵਿੱਚ ਜਾਂਦੇ ਹੋਏ ਸਿਪਾਹੀ ਉਹਨਾਂ ਨੂੰ ਸਿਖਾਉਣ ਦਾ ਯਤਨ ਕਰਦੇ ਹਨ ਕਿ ਸਭ ਤੋਂ ਪਹਿਲਾਂ ਜਾ ਕੇ ਨਵਾਬ ਨੂੰ ਸਲਾਮ ਕਰਨੀ ਹੈ ਅਤੇ ਉਹ ਤੁਹਾਡੇ ਤੋਂ ਖੁਸ਼ ਹੋ ਜਾਣਗੇ।
ਨਵਾਬ ਦੀ ਕਚਹਿਰੀ ਦਾ ਵੱਡਾ ਗੇਟ ਬੰਦ ਕੀਤਾ ਹੋਇਆ ਸੀ ਅਤੇ ਜਾਣ ਬੁੱਝ ਕੇ ਛੋਟਾ ਗੇਟ ਖੋਲਿਆ ਗਿਆ ਤਾਂ ਜੋ ਸਾਹਿਬਜ਼ਾਦਿਆਂ ਨੂੰ ਅੰਦਰ ਦਖਲ ਹੋਣ ਸਮੇਂ ਆਪਣਾ ਸਿਰ ਝੁਕਾਉਣਾ ਪਵੇ ਅਤੇ ਨਵਾਬ ਨੂੰ ਦਿਖਾਇਆ ਜਾਵੇ ਕਿ ਸਾਹਿਬਜ਼ਾਦਿਆਂ ਨੇ ਝੁਕ ਕੇ ਈਨ ਮੰਨ ਲਈ ਹੈ ਪਰ ਉਹਨਾਂ ਦਾ ਇਹ ਮਨਸੂਬਾ ਉਸ ਸਮੇਂ ਫੇਲ ਹੋ ਜਾਂਦਾ ਹੈ ਜਦੋਂ ਸਾਹਿਬਜ਼ਾਦਿਆਂ ਨੇ ਪਹਿਲਾਂ ਆਪਣਾ ਸੱਜਾ ਪੈਰ ਅੰਦਰ ਦਖਲ ਕੀਤਾ ਅਤੇ ਬਿਨ੍ਹਾਂ ਸਿਰ ਝੁਕਾਏ ਅੰਦਰ ਦਾਖਲ ਹੋ ਗਏ ਅਤੇ ਕਚਹਿਰੀ ਵਿੱਚ ਬੈਠੇ ਸਾਰੇ ਹੀ ਅਹਿਲਕਾਰ ਦੇਖ ਕੇ ਦੰਗ ਰਹਿ ਜਾਂਦੇ ਹਨ ਕਿ ਉਹਨਾਂ ਦੀ ਪਹਿਲੀ ਕੂਟਨੀਤੀ ਹੀ ਛੋਟੇ ਛੋਟੇ ਬੱਚਿਆਂ ਨੇ ਸਫਲ ਨਹੀਂ ਹੋਣ ਦਿੱਤੀ।
ਸਾਹਿਬਜ਼ਾਦਿਆਂ ਨੇ ਨਵਾਬ ਦੇ ਸਨਮੁੱਖ ਖੜ੍ਹੇ ਹੋ ਕੇ ‘ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ’ ਦੇ ਜੈਕਾਰੇ ਛੱਡੇ ਜਿਸ ਨਾਲ ਸਾਰੀ ਕਚਹਿਰੀ ਵਿੱਚ ਭੈਅ ਪੈਦਾ ਹੋ ਗਿਆ ਅਤੇ ਸਭ ਅਹਿਲਕਾਰ ਸੋਚਣ ਲੱਗੇ ਕਿ ਸਾਹਿਬਜ਼ਾਦੇ ਕਿਸ ਮਿੱਟੀ ਦੇ ਬਣੇ ਹਨ ਜਿਨ੍ਹਾਂ ਨੂੰ ਨਵਾਬ ਦਾ ਬਿਲਕੁਲ ਵੀ ਡਰ ਨਹੀਂ ਅਤੇ ਚਿਹਰੇ ਉੱਤੇ ਨੂਰ ਝਲਕਦਾ ਪਿਆ ਹੈ ਅਤੇ ਮੌਤ ਦਾ ਖੌਫ ਬਿਲਕੁਲ ਵੀ ਨਹੀਂ।
ਸੁੱਚੇ ਨੰਦ ਨੇ ਸਾਹਿਬਜ਼ਾਦਿਆਂ ਦੇ ਵਿਰੁੱਧ ਨਵਾਬ ਨੂੰ ਭਟਕਾਉਣ ਲਈ ਬਹੁਤ ਚਾਲਾਂ ਚੱਲੀਆਂ। ਸੁੱਚੇ ਨੰਦ ਨੇ ਸਾਹਿਬਜ਼ਾਦਿਆਂ ਅੱਗੇ ਮਿਠਾਈਆਂ, ਖਿਡੌਣੇ ਅਤੇ ਬੰਦੂਕ (ਨੇਜ਼ੇ) ਦੀ ਪੇਸ਼ਕਸ਼ ਕੀਤੀ ਤਾਂ ਸਾਹਿਬਜ਼ਾਦਿਆਂ ਨੇ ਮਿਠਾਈਆਂ ਅਤੇ ਖਿਡੌਣਿਆਂ ਨੂੰ ਨਕਾਰ ਕੇ ਬੰਦੂਕ ਅਤੇ ਨੇਜਿਆਂ ਨੂੰ ਚੁਣਿਆ ਜਿਸ ਬਾਰੇ ਸੁੱਚੇ ਨੇ ਨਵਾਬ ਨੂੰ ਕਿਹਾ ਦੇਖੋ ਤੁਹਾਡੇ ਦੁਸ਼ਮਣ ਕਿਸ ਤਰ੍ਹਾਂ ਹਥਿਆਰਾਂ ਨਾਲ ਪਿਆਰ ਕਰਦੇ ਹਨ। ਫਿਰ ਉਹਨਾਂ ਨੇ ਹੋਰ ਬਹੁਤ ਡਰਾਉਣ ਧਮਕਾਉਣ ਦਾ ਜੋਰ ਲਗਾਇਆ ਪਰ ਸਾਹਿਬਜ਼ਾਦਿਆਂ ਨੇ ਈਨ ਨਾ ਮੰਨੀ।
ਸੁੱਚਾ ਨੰਦ ਸਾਹਿਬਜ਼ਾਦਿਆਂ ਦੇ ਖਿਲਾਫ ਨਵਾਬ ਨੂੰ ਭੜਕਾਉਣ ਲਈ ਉਸਦੇ ਕੰਨ ਭਰਦਾ ਰਿਹਾ ਅਤੇ ਸਾਹਿਬਜ਼ਾਦਿਆਂ ਨੂੰ ਜੈਕਾਰੇ ਲਗਾਉਣ ਤੋਂ ਵੀ ਰੋਕਦਾ ਰਿਹਾ ਕਿ ਇਥੇ ਫਤਹਿ ਨਹੀਂ ਬੁਲਾਈ ਜਾ ਸਕਦੀ। ਪਰ ਸਾਹਿਬਜ਼ਾਦਿਆਂ ਨੇ ਉਸਤੋਂ ਵੀ ਜਿਆਦਾ ਹੌਂਸਲੇ ਨਾਲ ਜੈਕਾਰੇ ਲਗਾਏ।
ਵਜ਼ੀਰ ਖਾਨ ਨੇ ਕਿਹਾ ਤੁਸੀਂ ਬਹੁਤ ਹੀ ਪਿਆਰੇ ਬੱਚੇ ਹੋ ਤੁਸੀਂ ਇਸਲਾਮ ਕਬੂਲ ਕਰ ਲਵੋ ਤੁਹਾਨੂੰ ਅਸੀਂ ਹਰ ਖੁਸ਼ੀ ਦੇਵਾਂਗੇ ਅਤੇ ਤੁਹਾਨੂੰ ਰਾਜ ਭਾਗ ਵੀ ਮਿਲੇਗਾ ਅਤੇ ਸੁੱਚਾ ਨੰਦ ਕਹਿੰਦਾ ਹੈ ਕਰ ਤੁਸੀਂ ਨਵਾਬ ਦੀ ਗੱਲ ਮੰਨ ਲਵੋ ਤਾਂ ਸਾਹਿਬਜ਼ਾਦਿਆਂ ਨੇ ਦਲੇਰੀ ਨਾਲ ਜਵਾਬ ਦਿੱਤਾ ਕਿ ਤੁਹਾਡੇ ਇਹ ਸਾਰੇ ਰਾਜ ਸਾਡੀ ਜੁੱਤੀ ਥੱਲੇ ਹਨ।
ਸਾਹਿਬਜ਼ਾਦਿਆਂ ਦੇ ਮਨ ਨੂੰ ਡੁਲਾਉਣ ਲਈ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਚਮਕੌਰ ਦੀ ਲੜਾਈ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਗਈ ਹੈ ਤਾਂ ਇਸ ਗੱਲ ਨੂੰ ਸੁਣ ਕੇ ਵੀ ਸਾਹਿਬਜ਼ਾਦੇ ਨਹੀਂ ਡੋਲਦੇ।
ਕਚਹਿਰੀ ਤੋਂ ਵਾਪਸੀ
ਸਾਰਾ ਦਿਨ ਕਚਹਿਰੀ ਵਿੱਚ ਰਹਿਣ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਨੂੰ ਵਾਪਿਸ ਮਾਤਾ ਜੀ ਕੋਲ ਲੈਕੇ ਆਇਆ ਜਾਂਦਾ ਹੈ ਅਤੇ ਸਾਹਿਬਜ਼ਾਦਿਆਂ ਦੁਆਰਾ ਸਾਰੇ ਦਿਨ ਵਿੱਚ ਹੋਈ ਗੱਲਬਾਤ ਮਾਤਾ ਜੀ ਨੂੰ ਦੱਸਦੇ ਹਨ।
ਮੋਤੀ ਰਾਮ ਮਹਿਰਾ ਜੀ ਦੀ ਕੁਰਬਾਨੀ
ਰਾਤ ਹੋ ਜਾਣ ਤੇ ਮੋਤੀ ਰਾਮ ਮਹਿਰਾ ਜੀ ਦੂਜੇ ਦਿਨ ਸਾਹਿਬਜ਼ਾਦਿਆਂ ਦੀ ਦੁੱਧ ਛਕਾ ਕੇ ਸੇਵਾ ਕਰਦੇ ਹਨ। ਜਿਸ ਦੇ ਲਈ ਉਹਨਾਂ ਦਾ ਸਾਰਾ ਪਰਿਵਾਰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ।