The Khalas Tv Blog India ਹਿਮਾਚਲ ’ਚ 3 ਥਾਵਾਂ ’ਤੇ ਫਟਿਆ ਬੱਦਲ! 51 ਲੋਕ ਲਾਪਤਾ, 2 ਲਾਸ਼ਾਂ ਮਿਲੀਆਂ; ਘਰ-ਸਕੂਲ ਤੇ ਬਿਜਲੀ ਪ੍ਰੋਜੈਕਟ ਰੁੜ੍ਹੇ, ਸਕੂਲਾਂ ’ਚ ਛੁੱਟੀ
India

ਹਿਮਾਚਲ ’ਚ 3 ਥਾਵਾਂ ’ਤੇ ਫਟਿਆ ਬੱਦਲ! 51 ਲੋਕ ਲਾਪਤਾ, 2 ਲਾਸ਼ਾਂ ਮਿਲੀਆਂ; ਘਰ-ਸਕੂਲ ਤੇ ਬਿਜਲੀ ਪ੍ਰੋਜੈਕਟ ਰੁੜ੍ਹੇ, ਸਕੂਲਾਂ ’ਚ ਛੁੱਟੀ

ਬਿਉਰੋ ਰਿਪੋਰਟ: ਬੀਤੀ ਰਾਤ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਕੁਦਰਤ ਦੇ ਇਸ ਕਹਿਰ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 51 ਲੋਕ ਲਾਪਤਾ ਹਨ। NDRF, SDRF, ਪੁਲਿਸ ਅਤੇ ਹੋਮ ਗਾਰਡ ਲੋਕਾਂ ਨੂੰ ਬਚਾਅ ਕਾਰਜਾਂ ’ਚ ਲੱਗੇ ਹੋਏ ਹਨ। ਦਰਿਆਵਾਂ ਅਤੇ ਨਾਲਿਆਂ ਵਿੱਚ ਉਛਾਲ ਹੈ। ਕੁੱਲੂ ਵਿੱਚ ਚੰਡੀਗੜ੍ਹ-ਮਨਾਲੀ ਹਾਈਵੇਅ ਵੀ ਬਿਆਸ ਦਰਿਆ ਵਿੱਚ ਵਹਿ ਗਿਆ ਹੈ। ਹਿਮਾਚਲ ਦੇ ਮੁੱਖ ਮੰਤਰੀ ਨੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਹੰਗਾਮੀ ਮੀਟਿੰਗ ਕੀਤੀ ਹੈ ਤੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਵੀ ਉਨ੍ਹਾਂ ਨਾਲ ਗੱਲ ਕੀਤੀ ਹੈ।

ਬੀਤੀ ਰਾਤ ਸ਼ਿਮਲਾ ਦੇ ਕੁੱਲੂ, ਮੰਡੀ ਅਤੇ ਰਾਮਪੁਰ ਵਿੱਚ ਬੱਦਲ ਫਟ ਗਏ। ਸਭ ਤੋਂ ਵੱਧ ਤਬਾਹੀ ਰਾਮਪੁਰ ਵਿੱਚ ਹੋਈ। ਇੱਥੇ ਸਮੇਜ ਪਿੰਡ ਦੇ ਇੱਕ ਪਾਵਰ ਪ੍ਰੋਜੈਕਟ ਦੇ ਕਈ ਘਰ, ਸਕੂਲ, ਗੈਸਟ ਹਾਊਸ ਅਤੇ ਬਿਜਲੀ ਘਰ ਵਹਿ ਗਏ ਹਨ। ਇੱਥੇ 36 ਲੋਕ ਲਾਪਤਾ ਹੋ ਗਏ। ਦੋ ਵਿਅਕਤੀਆਂ ਦੇ ਸਰੀਰ ਦੇ ਕੁਝ ਅੰਗ ਮਿਲੇ ਹਨ।

ਮੰਡੀ ਦੇ ਚੌਰਘਾਟੀ ਵਿੱਚ ਢਿੱਗਾਂ ਡਿੱਗਣ ਕਾਰਨ ਤਿੰਨ ਘਰ ਢਹਿ ਗਏ। ਇਸ ਵਿੱਚ 3 ਪਰਿਵਾਰਾਂ ਦੇ 11 ਲੋਕ ਲਾਪਤਾ ਹੋ ਗਏ। 2 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ 8 ਅਜੇ ਵੀ ਲਾਪਤਾ ਹਨ। ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮੰਡੀ ਦੇ ਡੀਸੀ ਅਪੂਰਵਾ ਦੇਵਗਨ ਨੇ ਕਾਰਸੋਗ ਅਤੇ ਪਧਰ ਸਬ-ਡਿਵੀਜ਼ਨਾਂ ਵਿੱਚ ਸਾਰੇ ਸਰਕਾਰੀ, ਪ੍ਰਾਈਵੇਟ ਸਕੂਲਾਂ, ਆਂਗਣਵਾੜੀ ਕੇਂਦਰਾਂ, ਕਿੱਤਾਮੁਖੀ ਸਿਖਲਾਈ ਕੇਂਦਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।

ਕੁੱਲੂ ਦੇ ਬਾਗੀਪੁਲ ’ਚ ਬੱਦਲ ਫਟਣ ਨਾਲ 6 ਲੋਕ ਲਾਪਤਾ ਹਨ। ਮਨਾਲੀ ’ਚ ਬਿਆਸ ਦਰਿਆ ਦਾ ਪਾਣੀ ਵਧਣ ਤੋਂ ਬਾਅਦ ਆਲੂਆਂ ਦੇ ਖੇਤਾਂ ’ਚ ਪਾਣੀ ਭਰ ਗਿਆ। ਇੱਥੇ ਸਬਜ਼ੀ ਮੰਡੀ ਦੀ 5 ਮੰਜ਼ਿਲਾ ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ। ਮਲਾਨਾ ਵਿੱਚ ਪਾਵਰ ਪ੍ਰੋਜੈਕਟ 1 ਦਾ ਬੰਨ੍ਹ ਪਾਰਵਤੀ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਟੁੱਟ ਗਿਆ ਹੈ।

ਸੀਐਮ ਸੁਖਵਿੰਦਰ ਸੁੱਖੂ ਜਾਣਗੇ ਰਾਮਪੁਰ

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਕੁਝ ਸਮੇਂ ਬਾਅਦ ਸ਼ਿਮਲਾ ਤੋਂ ਹੈਲੀਕਾਪਟਰ ਰਾਹੀਂ ਰਾਮਪੁਰ ਵਿੱਚ ਬੱਦਲ ਫਟਣ ਦੀ ਘਟਨਾ ਤੋਂ ਪ੍ਰਭਾਵਿਤ ਇਲਾਕੇ ਦਾ ਨਿਰੀਖਣ ਕਰਨ ਲਈ ਰਵਾਨਾ ਹੋਣਗੇ। ਇਸ ਦੌਰਾਨ ਉਹ ਮੌਕੇ ’ਤੇ ਪਹੁੰਚ ਕੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨਗੇ ਅਤੇ ਬਚਾਅ ਕਾਰਜਾਂ ਦਾ ਨਿਰੀਖਣ ਕਰਨਗੇ। ਫਿਲਹਾਲ ਮੁੱਖ ਮੰਤਰੀ ਸ਼ਿਮਲਾ ਵਿੱਚ ਆਫ਼ਤ ਨੂੰ ਲੈ ਕੇ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਕਰ ਰਹੇ ਹਨ। ਉਨ੍ਹਾਂ ਨੇ ਟਵੀਟ ਕਰਕੇ ਹਿਮਾਚਲ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਸੂਬਾ ਸਰਕਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਸ਼ਿਮਲਾ ਦੇ ਰਾਮਪੁਰ ’ਚ ਤਬਾਹੀ ਦੇਖਣ ਪਹੁੰਚੇ DC ਅਤੇ SP

ਡੀਸੀ ਅਨੁਪਮ ਕਸ਼ਯਪ ਅਤੇ ਐਸਪੀ ਸੰਜੀਵ ਗਾਂਧੀ ਰਾਮਪੁਰ ਦੇ ਸਮੇਜ ਖੱਡ ਵਿੱਚ ਬੱਦਲ ਫਟਣ ਕਾਰਨ ਹੋਈ ਤਬਾਹੀ ਦਾ ਮੁਆਇਨਾ ਕਰਨ ਪਹੁੰਚੇ ਹਨ। ਡੀਸੀ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਹਨ। ਹੁਣ ਤੱਕ 2 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ ਦੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।

Exit mobile version